ਅਮਰੀਕਾ-ਇਜ਼ਰਾਇਲ ਅਤੇ ਈਰਾਨ ਵਿਚਾਲੇ ਜਾਰੀ ਹਮਲਿਆਂ ‘ਤੇ ਅਜੇ ਵਿਰਾਮ ਲੱਗਦਾ ਨਜ਼ਰ ਨਹੀਂ ਆ ਰਿਹਾ। ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਕਿਹਾ, “ਰੱਖਿਆ ਮੰਤਰੀ, ਚੀਫ ਆਫ ਸਟਾਫ ਅਤੇ ਮੋਸਾਦ ਸੁਰੱਖਿਆ ਸਰਵਿਸ ਦੇ ਮੁਖੀ ਨਾਲ ਹੋਈ ਮੀਟਿੰਗ ਦੌਰਾਨ ਹਮਲਿਆਂ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਹਨ।”
ਨੇਤਨਯਾਹੂ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ, “ਸਾਡੀਆਂ ਫੌਜਾਂ ਹੁਣ ਤਹਿਰਾਨ ਦੇ ਦਿਲ ‘ਤੇ ਹੋਰ ਵੀ ਤੇਜ਼ੀ ਅਤੇ ਮਜ਼ਬੂਤੀ ਨਾਲ ਹਮਲੇ ਕਰ ਰਹੀਆਂ ਅਤੇ ਆਉਣ ਵਾਲੇ ਦਿਨਾਂ ‘ਚ ਇਹ ਹਮਲੇ ਹੋਰ ਵੀ ਤੇਜ਼ ਹੋਣਗੇ।”
“ਹਾਲਾਂਕਿ ਇਹ ਬਹੁਤ ਦੁਖਦਾਈ ਦਿਨ ਹਨ। ਬੀਤੇ ਕੱਲ੍ਹ ਤੇਲ ਅਵੀਵ ਅਤੇ ਹੁਣ ਬੇਤ ਸ਼ੇਮੇਸ਼ ‘ਚ ਅਸੀਂ ਆਪਣੇ ਕਈ ਪਿਆਰਿਆਂ ਨੂੰ ਗੁਆਇਆ ਹੈ। ਮੇਰੀ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦਿਲੀ ਹਮਦਰਦੀ ਹੈ ਅਤੇ ਜ਼ਖਮੀਆਂ ਦੀ ਸਿਹਤਯਾਬੀ ਦੀ ਅਰਦਾਸ ਕਰਦਾ ਹਾਂ।”
ਉਧਰ ਅਮਰੀਕੀ ਸੈਂਟਰਲ ਕਮਾਂਡ ਨੇ ਦਾਅਵਾ ਕੀਤਾ ਕਿ ਉਨ੍ਹਾਂ ਈਰਾਨ ਦੇ ਇੱਕ ਯੁੱਧਪੋਤ ਨੂੰ ਡੁਬੋ ਦਿੱਤਾ। ਸੋਸ਼ਲ ਮੀਡੀਆ ਐਕਸ ‘ਤੇ ਪਾਈ ਪੋਸਟ ‘ਚ ਸੈਂਟਕੋਮ ਨੇ ਕਿਹਾ ਕਿ ਅਮਰੀਕੀ ਫੌਜਾਂ ਨੇ ਸ਼ਨੀਵਾਰ ਨੂੰ ਸ਼ੁਰੂ ਹੋਣ ਆਪ੍ਰੇਸ਼ਨ ਐਪਿਕ ਫਰੀ ਦੌਰਾਨ ਜਾਮਰਾਨ-ਕਲਾਸ ਕੋਰਵੇਟ ਨੂੰ ਨਿਸ਼ਾਨਾ ਬਣਾਇਆ ਅਤੇ ਇਹ ਜੰਗੀ ਜਹਾਜ਼ ਓਮਾਨ ਦੀ ਖਾੜੀ ‘ਚ ਡੁੱਬ ਗਿਆ।
ਯੂਐਸ ਸੈਂਟਰਲ ਕਮਾਂਡ (ਸੈਂਟਕੋਮ) ਨੇ ਆਪ੍ਰੇਸ਼ਨ ਐਪਿਕ ਫਰੀ ਦੌਰਾਨ ਹੁਣ ਤੱਕ ਤਿੰਨ ਅਮਰੀਕੀ ਫੌਜੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਅਮਰੀਕੀ ਫੌਜ ਮੁਤਾਬਕ ਪੰਜ ਹੋਰ ਜਵਾਨ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ।