(ਪਾਰੁਲ ਸਹਿਗਲ ਦੀ ਹਿੰਦੀ ਪੋਸਟ ਦਾ ਧੰਨਵਾਦ ਸਹਿਤ ਪੰਜਾਬੀ ਅਨੁਵਾਦ : ਮੀਤ ਅਨਮੋਲ)

ਦੋਸਤੋ… ਸਾਡੇ ਭਾਰਤ ਵਿੱਚ ਸ਼ਰਾਬ ਪੀਣਾ ਸਿਰਫ਼ ਇੱਕ ਕਿਰਿਆ ਨਹੀਂ ਹੈ… ਇਹ ਇੱਕ ਸੰਪੂਰਨ ਸਮਾਜਿਕ ਰਸਮ ਹੈ… ਜਿਵੇਂ ਹੀ ਸ਼ਾਮ ਹੁੰਦੀ ਹੈ, ਕੁਝ ਲੋਕ ਅਧਿਆਤਮਿਕ ਸੁਰ ਵਿੱਚ ਕਹਿੰਦੇ ਹਨ, ” ਬਸ ਦੋ ਪੈੱਗਾਂ ਤੋਂ ਵੱਧ ਨਹੀਂ”… ਅਤੇ ਫਿਰ ਉਹੀ ਦੋ ਪੈੱਗ ਰਾਤ ਭਰ ਲੋਕਤੰਤਰ ਵਾਂਗ ਫੈਲਦੇ ਚਲੇ ਜਾਂਦੇ ਹਨ।
ਪਰ ਇਸ ਸਾਰੀ ਰਸਮ ਵਿੱਚ ਇੱਕ ਦਿਲਚਸਪ ਗੱਲ ਹੈ…. ਸਾਡੇ ਜ਼ਿਆਦਾਤਰ ਸੱਜਣ ਜਿੰਨਾਂ ਨੂੰ ਲੱਗਦਾ ਹੈ ਕਿ ਉਹ “ਵਿਸਕੀ” ਪੀ ਰਹੇ ਹਨ… ਅਸਲ ਵਿੱਚ ਉਹ ਅਕਸਰ “ਗੁੜ ਵਾਲਾ ਰੰਗੀਨ ਪਾਣੀ” ਪੀ ਰਹੇ ਹੁੰਦੇ ਹਨ।
ਹੁਣ, ਇਹ ਸੁਣ ਕੇ ਬਹੁਤ ਸਾਰੇ ਲੋਕਾਂ ਦੇ ਸਵੈ-ਮਾਣ ਨੂੰ ਠੇਸ ਪਹੁੰਚ ਸਕਦੀ ਹੈ, ਜਿਵੇਂ ਕਿ ਕਿਸੇ ਨੇ ਬਨਾਰਸੀ ਪਾਨ ਨੂੰ “ਸੁਪਾਰੀ ਮਿਲਿਆ ਪੱਤੇ ਦਾ ਉਤਪਾਦ” ਕਿਹਾ ਹੋਵੇ… ਪਰ ਵਿਗਿਆਨ ਦਾ ਸੁਭਾਅ ਹੀ ਅਜਿਹਾ ਹੈ… ਇਹ ਭਾਵਨਾਵਾਂ ਨਾਲੋਂ ਜ਼ਿਆਦਾ ਰਸਾਇਣਕ ਸੂਤਰਾਂ ‘ਤੇ ਭਰੋਸਾ ਕਰਦਾ ਹੈ।
ਵਿਗਿਆਨ ਦੀ ਭਾਸ਼ਾ ਵਿੱਚ ਹਰ ਪੀਣ ਯੋਗ ਸ਼ਰਾਬ ਦਾ ਮੂਲ ਤੱਤ ਈਥਾਨੌਲ ਹੀ ਹੁੰਦਾ ਹੈ… ਜਿਸਦਾ ਰਸਾਇਣਕ ਸੂਤਰ C₂H₅OH ਹੈ।
ਇਹ ਉਹ ਮਹਾਨ ਅਣੂ ਹੈ ਜੋ ₹120 ਵਾਲੀ ਦੇਸੀ ਸ਼ਰਾਬ ਵਿੱਚ ਵੀ ਮਿਲਦਾ ਹੈ… ਅਤੇ ₹50,000 ਵਾਲੀ ਵਿਦੇਸ਼ੀ ਵਿਸਕੀ ਵਿੱਚ ਵੀ ਮਿਲਦਾ ਹੈ… ਯਾਨੀ ਨਸ਼ਾ ਕਰਾਉਣ ਵਾਲਾ ਅਣੂ ਲੋਕਤਾਂਤਰਿਕ ਹੈ… ਉਹ ਅਮੀਰ-ਗਰੀਬ ਵਿੱਚ ਵਿਤਕਰਾ ਨਹੀਂ ਕਰਦਾ।
ਫ਼ਰਕ ਸਿਰਫ਼ ਇੰਨਾ ਹੁੰਦਾ ਹੈ ਕਿ ਉਹ ਕਿਸ ਸਰੋਤ ਤੋਂ ਆਉਂਦਾ ਹੈ ਅਤੇ ਉਸਨੂੰ ਕਿੰਨੇ ਸੱਭਿਅਕ ਢੰਗ ਨਾਲ ਪਾਲਿਆ-ਪੋਸਿਆ ਗਿਆ ਹੈ।
ਜਿਵੇਂ ਇੱਕ ਪਾਸੇ ਪਿੰਡ ਦਾ ਪਹਿਲਵਾਨ ਹੈ ਜੋ ਮਿੱਟੀ ਵਿੱਚ ਕੁਸ਼ਤੀਆਂ ਲੜ੍ਹ ਕੇ ਵੱਡਾ ਹੋਇਆ ਹੈ… ਅਤੇ ਦੂਜੇ ਪਾਸੇ, ਜਿਵੇਂ ਉਹੀ ਪਹਿਲਵਾਨ ਕਿਸੇ ਪੰਜ-ਸਿਤਾਰਾ ਜਿਮ ਵਿੱਚ ਟਰੇਨਿੰਗ ਲੈਂ ਕੇ ਸੂਟ ਪਹਿਨ ਲਵੇ।
ਅਣੂ ਉਹੀ ਹੈ… ਪਰ ਟੌਰ ਵੱਖਰੀ ਹੋ ਜਾਂਦੀ ਹੈ।
ਹੁਣ ਆਉਂਦੇ ਹਾਂ ਉਸ ਸ਼ਬਦ ’ਤੇ ਜਿਸਨੂੰ ਸੁਣ ਕੇ ਬਹੁਤ ਸਾਰੇ ਲੋਕ ਧੌਣ ਟੇਢੀ ਕਰ ਕੇ ਗਲਾਸ ਫੜਦੇ ਹਨ — ਸਕਾਚ!
ਸਾਡੇ ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਉਹ ਜਿਹੜੀ ਸਕਾਚ ਪੀ ਰਹੇ ਹਨ ਉਹ ਇੱਕ ਖਾਸ ਕਿਸਮ ਦੀ ਵਿਸਕੀ ਹੈ….
ਸੱਚ ਵੀ ਹੈ ਕਿ ਸਕਾਚ…. ਸਿਰਫ ਸ਼ਰਾਬ ਨਹੀਂ ਹੈ, ਇੱਕ ਜਾਗੀਰ ਹੈ।
ਅਸਲ ਵਿੱਚ ਸਕਾਚ ਇੱਕ ਤਰ੍ਹਾਂ ਦੀ ਜਾਗੀਰਦਾਰੀ ਹੈ….
ਦੁਨੀਆ ਦੇ ਅਸੂਲ ਕਹਿੰਦੇ ਹਨ ਕਿ ਜੇਕਰ ਸ਼ਰਾਬ ਨੂੰ “ਸਕਾਚ ਵਿਸਕੀ” ਕਹਿਣਾ ਹੈ, ਤਾਂ ਉਹ ਸਕਾਟਲੈਂਡ ਵਿੱਚ ਹੀ ਬਣਨੀ ਚਾਹੀਦੀ ਹੈ… ਉੱਥੋਂ ਦੇ ਹੀ ਪਾਣੀ ਨਾਲ… ਉੱਥੋਂ ਦੇ ਮਾਲਟ ਨਾਲ… ਅਤੇ ਘੱਟੋ-ਘੱਟ ਤਿੰਨ ਸਾਲਾਂ ਤੱਕ ਓਕ ਬੈਰਲਾਂ ਵਿੱਚ ਪੁਰਾਣੀ ਹੋਣ ਲਈ ਰੱਖੀ ਹੋਈ।
ਜੇਕਰ ਓਹੀ ਚੀਜ਼ ਤੁਸੀਂ ਦਿੱਲੀ, ਇੰਦੌਰ ਜਾਂ ਨਾਗਪੁਰ ਵਿੱਚ ਬਣਾ ਦਿਉ… ਤਾਂ ਉਹ ਭਾਵੇਂ ਕਿੰਨੀ ਵੀ ਵਧੀਆ ਕਿਉਂ ਨਾ ਹੋਵੇ… ਤੁਸੀਂ ਉਸਨੂੰ ਸਕਾਚ ਨਹੀਂ ਕਹਿ ਸਕਦੇ।
ਇਹ ਨਾਮਕਰਨ ਦੀ ਅੰਤਰਰਾਸ਼ਟਰੀ ਜਗੀਰਦਾਰੀ ਹੈ….ਅਤੇ ਦੁਨੀਆ ਇਸ ਨੂੰ ਪੂਰੇ ਸਤਿਕਾਰ ਨਾਲ ਮੰਨਦੀ ਹੈ…
ਹੁਣ ਜ਼ਰਾ ਆਪਣੇ ਦੇਸ਼ ਵੱਲ ਝਾਤੀ ਮਾਰੋ।
ਭਾਰਤ ਵਿੱਚ ਵਿਸਕੀ ਉਦਯੋਗ ਦਾ ਇੱਕ ਵੱਖਰਾ ਹੀ ਫਲਸਫਾ ਹੈ….
ਇੱਥੇ ਅਨਾਜ ਮਹਿੰਗਾ ਹੈ….ਇਸ ਲਈ ਜ਼ਿਆਦਾਤਰ ਸ਼ਰਾਬ ਕੰਪਨੀਆਂ ਗੰਨੇ ਦੇ ਗੁੜ ਤੋਂ ਬਣੇ ਨਿਊਟਰਲ ਅਲਕੋਹਲ ਦੀ ਵਰਤੋਂ ਕਰਦੀਆਂ ਹਨ।
ਫਿਰ ਉਸ ਵਿੱਚ ਥੋੜ੍ਹਾ ਜਿਹਾ ਰੰਗ… ਥੋੜ੍ਹਾ ਜਿਹਾ ਫਲੇਵਰ… ਅਤੇ ਬਹੁਤ ਸਾਰੀ ਮਾਰਕੀਟਿੰਗ ਪਾ ਦਿੱਤੀ ਜਾਂਦੀ ਹੈ… ਅਤੇ ਦੇਖਦੇ ਹੀ ਦੇਖਦੇ ਉਹ “ਪ੍ਰੀਮੀਅਮ ਵਿਸਕੀ” ਬਣ ਜਾਂਦੀ ਹੈ।
ਹੁਣ ਅੰਤਰਰਾਸ਼ਟਰੀ ਨਿਯਮਾਂ ਅਨੁਸਾਰ ਵਿਸਕੀ ਸਿਰਫ਼ ਅਨਾਜ ਤੋਂ ਹੀ ਬਣਨੀ ਚਾਹੀਦੀ ਹੈ – ਜਿਵੇਂ ਜੌਂ, ਮੱਕੀ ਜਾਂ ਰਾਈ।
ਇਸ ਲਈ ਵਿਦੇਸ਼ੀ ਬਾਜ਼ਾਰ ਸਾਡੇ ਇਸ ਗੁੜ-ਅਧਾਰਤ ਪੀਣ ਵਾਲੇ ਪਦਾਰਥ ਨੂੰ ਵਿਸਕੀ ਮੰਨਣ ਤੋਂ ਹੀ ਇਨਕਾਰ ਕਰ ਦਿੰਦੇ ਹਨ।
ਭਾਰਤੀ ਉਦਯੋਗਪਤੀਆਂ ਨੇ ਵੀ ਹਾਰ ਮੰਨਣ ਦੀ ਬਜਾਏ ਇੱਕ ਸ਼ਾਨਦਾਰ ਹੱਲ ਕੱਢ ਲਿਆ…
ਉਨ੍ਹਾਂ ਇੱਕ ਨਵਾਂ ਸ਼ਬਦ ਘੜ ਲਿਆ —
IMFL …. Indian Made Foreign Liquor
ਯਾਨੀ, ਵਿਦੇਸ਼ੀ ਸ਼ੈਲੀ ਦੀ ਸ਼ਰਾਬ… ਜੋ ਭਾਰਤੀ ਜੁਗਾੜ ਨਾਲ ਬਣੀ ਹੈ।
ਇਹ ਸ਼ਬਦ ਭਾਰਤੀ ਅਰਥਵਿਵਸਥਾ ਦੀ ਰਚਨਾਤਮਕ ਪ੍ਰਤਿਭਾ ਦੀ ਇੱਕ ਸ਼ਾਨਦਾਰ ਉਦਾਹਰਣ ਹੈ….
ਹੁਣ ਥੋੜ੍ਹੀ ਉੱਚ ਸ਼੍ਰੇਣੀ ਦੀ ਸ਼ਰਾਬ ਬਾਰੇ ਗੱਲ ਕਰੀਏ…
ਤੁਸੀਂ ਅਕਸਰ ਬੋਤਲਾਂ ‘ਤੇ ਲਿਖਿਆ ਦੇਖਿਆ ਹੋਵੇਗਾ — Single Malt ….
ਇਸ ਸ਼ਬਦ ਦਾ ਅਰਥ ਬਹੁਤ ਸਰਲ ਹੈ….
ਜਦੋਂ ਵਿਸਕੀ ਸਿਰਫ਼ ਅੰਕੁਰਿਤ ਜੌਂ (Malted Barley) ਤੋਂ ਬਣੇ, ਸਿਰਫ਼ ਇੱਕ ਹੀ ਡਿਸਿਟਲਰੀ ਵਿੱਚ ਤਿਆਰ ਹੋਈ ਹੋਵੇ ਅਤੇ ਇਸ ਵਿੱਚ ਬਾਹਰੋਂ ਕੋਈ ਨਕਲੀ ਰੰਗ ਜਾਂ ਸੁਆਦ ਨਾ ਮਿਲਾਇਆ ਗਿਆ ਹੋਵੇ ਤਾਂ ਉਹ ਵਿਸਕੀ ਸਿੰਗਲ ਮਾਲਟ ਕਹਿਲਾਉਂਦੀ ਹੈ।
ਇਹ ਸ਼ਰਾਬ ਕੁਝ ਓਵੇਂ ਹੁੰਦੀ ਹੈ ਜਿਵੇਂ ਕਿਸੇ ਯੂਨੀਵਰਸਿਟੀ ਦਾ ਪੁਰਾਣਾ ਪ੍ਰੋਫੈਸਰ….
ਇਹ ਪੀਪਿਆਂ ਵਿੱਚ ਉਮਰ ਗੁਜ਼ਾਰਦੀ ਹੈ….ਅਤੇ ਸਮੇਂ ਦੇ ਨਾਲ ਉਸਦੀ ਸ਼ਖਸੀਅਤ ਗਹਿਰੀ ਹੁੰਦੀ ਜਾਂਦੀ ਹੈ….
ਇਸ ਦੇ ਉਲਟ, ਆਮ ਭਾਰਤੀ ਵਿਸਕੀ ਵਿੱਚ ਅਕਸਰ ਕੈਰੇਮਲ ਰੰਗ ਅਤੇ ਫਲੇਵਰ ਏਸੇਂਸ ਮਿਲਾਇਆ ਜਾਂਦਾ ਹੈ ਤਾਂ ਜੋ ਉਹ ਦਿਖੇ ਵੀ ਵਿਦੇਸ਼ੀ ਵਿਸਕੀ ਵਰਗੀ ਅਤੇ ਮਹਿਕੇ ਵੀ ਵਿਦੇਸ਼ੀ ਵਿਸਕੀ ਵਾਂਗ… ਅਤੇ ਹੋਰ ਵੱਡੀ ਗੱਲ ਤਿਆਰ ਵੀ ਰਾਤੋ ਰਾਤ ਹੋ ਜਾਂਦੀ ਹੈ।
ਇਹ ਠੀਕ ਓਵੇਂ ਹੀ ਹੈ ਜਿਵੇਂ ਕਿਸੇ ਆਮ ਵਿਦਿਆਰਥੀ ਨੂੰ ਫੋਟੋਸ਼ਾਪ ਨਾਲ ਹਾਰਵਰਡ ਦਾ ਗ੍ਰੈਜੂਏਟ ਦਿਖਾ ਦਿੱਤਾ ਜਾਵੇ…
ਹੁਣ ਗੱਲ ਕਰਦੇ ਹਾਂ ਬੋਤਲ ਦੇ ਪਿੱਛੇ ਦੀ ਅਸਲ ਕਹਾਣੀ ਦੀ।
ਆਖਰਕਾਰ ਸੱਚਾਈ ਇਹੀ ਹੈ ਕਿ ਭਾਵੇਂ ਉਹ ਦੇਸੀ ਹੋਵੇ, ਸਕਾਚ ਹੋਵੇ ਜਾਂ ਸਿੰਗਲ ਮਾਲਟ….
ਨਸ਼ਾ ਕਰਾਉਣ ਵਾਲਾ ਅਣੂ ਉਹੀ ਰਹਿੰਦਾ ਹੈ — C₂H₅OH
ਪਰ ਉਸਦੇ ਪਿੱਛੇ ਦੀ ਕਹਾਣੀ ਵੱਖਰੀ ਹੁੰਦੀ ਹੈ…
ਕਿਤੇ ਸਦੀਆਂ ਪੁਰਾਣੀ ਸਾਲਾਂ ਤੱਕ ਪੀਪਿਆਂ ‘ਚ ਰੱਖ ਕੇ ਤਿਆਰ ਕਰਨ ਦੀ ਪਰੰਪਰਾ ਹੈ….
ਅਤੇ ਕਿਤੇ ਗੁੜ ਦੇ ਘੋਲ਼ ’ਚ ਰੰਗ ਅਤੇ ਖੁਸ਼ਬੂ ਪਾ ਕੇ ਝੱਟਪੱਟ ਤਿਆਰ ਕਰਨ ਦਾ ਵਿਗਿਆਨਕ ਚਮਤਕਾਰ…
ਇਸ ਲਈ ਅਗਲੀ ਵਾਰ ਜਦੋਂ ਕੋਈ ਦੋਸਤ ਬੜੇ ਮਾਣ ਨਾਲ ਕਹੇ ਕਿ ਉਹ “ਸਕਾਚ” ਪੀ ਰਿਹਾ ਹੈ ਤਾਂ ਹੌਲੀ ਜਿਹੀ ਬੋਤਲ ਦਾ ਲੇਬਲ ਪੜ੍ਹ ਲੈਣਾ
ਹੋ ਸਕਦਾ ਹੈ ਕਿ ਉਹ ਸਕਾਟਲੈਂਡ ਦੀਆਂ ਠੰਡੀਆਂ ਪਹਾੜੀਆਂ ਤੋਂ ਆਈ ਹੋਵੇ… ਅਤੇ ਇਹ ਵੀ ਸੰਭਵ ਹੈ ਕਿ ਉਹ ਉੱਤਰ ਪ੍ਰਦੇਸ਼ ਦੀ ਕਿਸੇ ਖੰਡ ਮਿੱਲ ਦੇ ਸ਼ੀਰੇ ’ਚੋਂ ਨਿਕਲੀ ਹੋਵੇ….
ਦੋਵਾਂ ਵਿਚਲਾ ਅੰਤਰ ਸਮਝਣਾ ਹੀ ਅਸਲੀ ਮਦਿਰਾ-ਗਿਆਨ ਹੈ….
ਬਾਕੀ…
ਗਲਾਸ ਉਹੀ…
ਅਣੂ ਉਹੀ…
ਅਤੇ ਅਗਲੇ ਦਿਨ ਸਿਰ ਦਰਦ ਵੀ ਉਹੀ…