ਪਾਕਿਸਤਾਨੀ ਉਰਦੂ ਅਤੇ ਪੰਜਾਬੀ ਸਾਹਿਤ ਦਾ ਚਰਚਿਤ ਨਾਮ ਜਾਵਾਜ਼ ਜਾਫ਼ਰੀ ਦੀਆਂ ਜੰਗ ਖਿਲਾਫ ਲਿਖੀਆਂ ਦੋ ਕਵਿਤਾਵਾਂ

1..

ਮੈਨੂੰ ਕੋਈ ਸ਼ਹਿਰ ਹਾਂ ਨਾਲ ਨਈਂ ਲਾਂਵਦਾ

ਮੈਨੂੰ ਕੋਈ ਸ਼ਹਿਰ ਹਾਂ ਨਾਲ ਨਈਂ ਲਾਂਵਦਾ
ਮੇਰਾ ਚਿੱਤ ਮੇਰੇ ਮੱਥੇ ’ਚੋਂ ਭਾਅ ਪਿਆ ਮਾਰਦਾ ਏ
ਮੈਂ ਉਜੜੀ ਪ੍ਰਜਾਤੀ ਦੁਨੀਆਂ ਦਾ ਮੁਆਰਿਖ ਹਾਂ
ਮੇਰੇ ਭਾਗਾਂ ’ਚ ਪੜ੍ਹਨ ਵਾਲੇ ਨਹੀਂ ਹੈਣ
ਮੈਨੂੰ ਕੋਈ ਸ਼ਹਿਰ ਹਾਂ ਨਾਲ ਨਈਂ ਲਾਂਵਦਾ

ਮੈਂ ਦੇਸ ਮਿੱਟੀ ਦਾ ਚੋਗ ਹਾਂ
ਮੇਰੇ ਲੇਖਾਂ ਵਿੱਚ ਇਸ ਸਦੀ ਦਾ ਹੀਰੋਸ਼ੀਮਾ ਹੋਣਾ ਲਿਖਿਆ ਏ

ਮੇਰੇ ਵਸਨੀਕਾਂ ’ਤੇ ਦੇਸ ਤਿਆਗਣਾ ਵਾਜ਼ਬ ਏ
ਲਾਮ, ਮੇਰੀ ਰੇਤ ’ਤੇ ਆਪਣਾ ਤੰਬੂ ਲਾਂਵਦੀ ਏ
ਤੇ ਹੋਣੀ ਮੇਰੇ ਨਾਲ ਰਲ ਕੇ ਨੱਚਣ ਲਈ ਪੈਰੀਂ ਘੁੰਗਰੂ ਬੰਨ੍ਹਦੀ ਪਈ ਏ
ਮੇਰੇ ਲੋਕ ਆਪਣਾ ਹੱਸਾ ਭੁੱਲੀ ਦਫ਼ਨਾ ਚੁੱਕੇ ਨੇ
ਸੁੰਝ ਮਸਾਣ ਮੇਰੇ ’ਤੇ ਖਿੜ ਖਿੜ ਹੱਸਦੀ ਏ
ਬਰੂਦ ਦੀਆਂ ਅੱਖਾਂ ’ਚ ਮੇਰੀਆਂ ਪੋਪਟ ਭੰਬੀਰੀਆਂ ਨੂੰ ਹਨੂਪ ਕਰਨ ਦਾ ਏਕਾ ਏ
ਮੇਰੇ ਸੱਖਣੇ ਹੱਥ
ਲਾਮ ਦੀਆਂ ਰਾਹਾਂ ਵਿੱਚ ਅੜਿੱਚਾ ਪਾ ਰਹੇ ਨੇ
ਤੇ ਅੱਗ ਦੀ ਲੰਬ ਮੇਰੇ ਕੈਲੰਡਰ ਨੂੰ ਛੁੰਹਦੀ ਪਈ ਏ
ਲਾਮ ਮੈਨੂੰ ਇੱਕ ਅਜੀਹੇ ਯੁੱਗ ਵਿੱਚ ਧੱਕਾ ਦੇਣ ’ਤੇ ਤੁਲੀ ਏ
ਜਿਹੜਾ ਕਦੇ ਵੀ ਪਰਤ ਕੇ ਨਹੀਂ ਆਂਵਦਾ
ਕਿਉਂਕਿ ਜੇ ਕਬਰ ਦੀ ਹਰ ਤਾਕੀ ਅੰਦਰ ਵੱਲ ਖੁੱਲਦੀ ਏ।

2..
ਮੈਂ ਲਾਮ ਦੀ ਜੰਝ ਦਾ ਲਾੜਾ ਹਾਂ

ਮੈਂ ਲਾਮ ਦੀ ਜੰਝਦ ਦਾ ਲਾੜਾ ਹਾਂ
ਜੋਬਨ ਮੇਰੇ ਮਾਸੂਮ ਬਾਲਾਂ ਦਾ ਜਮਾਂਦਰੂ ਲਹਿਣਾ ਹੈ
ਲਾਮ ਮੇਰੇ ਤੋਂ ਮੇਰੇ ਜੀਵਨ ਦੀ ਇੱਕ ਪੱਤੀ ਮੰਗਦੀ ਹੈ
ਮੇਰੇ ਲੱਕ ਦੇ ਲੇਖਾਂ ਵਿੱਚ ਕੁੱਬਾ ਹੋਣਾ ਨਹੀਂ ਲਿਖਿਆ
ਹੋਣੀ ਮੇਰੀ ਰਿੱਕ ਤੇ ਆਲਣਾ ਪਾਂਵਦੀ ਹੈ
ਤੇ ਡਰ ਮੇਰੇ ਹੱਡਾਂ ਦਾ ਪਾਂਧੀ ਹੈ

ਮੇਰੇ ਗਰਮ ਤੇ ਮੇਰੇ ਗੱਬਰੂ ਹੱਥ
ਜਿਨ੍ਹਾਂ ਨੂੰ ਕਦੇ ਮੇਰੀਆਂ ਮਨ ਭਾਉਂਦੀਆਂ ਸੁਆਣੀਆਂ ਚੁੰਮਦੀਆਂ ਸਨ
ਮੌਤ ਇਹਨਾਂ ’ਤੇ ਨਿਸ਼ਾਨ ਲਾਂਵਦੀ ਹੈ
ਰੱਬ ਕਰਦਾ ਮੈਂ ਮਰਨ ਤੋਂ ਪਹਿਲਾਂ ਆਪਣੀ ਬੁੱਢੀ ਮਾਈ ਨੂੰ ਕਲਾਵੇ ਵਿੱਚ ਲੈ ਸਕਦਾ
ਹਸਿਆਂ ਦੇ ਮਰਨ ’ਤੇ ਹੰਝੂ ਉਗਵਾਣ ਵਾਲਾ ਕੋਈ ਨਹੀਂ

ਮੈਂ ਲਾਮ ਦੀ ਜੰਝਦ ਦਾ ਲਾੜਾ ਹਾਂ
ਤਾਬਕਾਰੀ ਦੇ ਮੇਰੀਆਂ ਅੱਖਾਂ ਵਿੱਚ ਸੁਰਮਾ ਪਾਂਵਦਿਆਂ ਹੀ
ਜੀਵਨ ਦਾ ਦੀਵਾ ਮੇਰੇ ਮੁੱਥੇ ਵਿੱਚ ਬੁੱਝ ਜਾਵੇਗਾ
ਮੇਰੇ ਪੋਲੇ ਪੈਰ ਗਾਰੇ ਵਿੱਚ ਮੂਧੜੇ ਮੂੰਹ ਸੌਣਗੇ
ਤੇ ਮੇਰੇ ਪਾਟੇ ਹੋਏ ਲੀੜੇ
ਕਿਸੇ ਸੜੇ ਹੋਏ ਰੁੱਖ ਦਾ ਨੰਗ ਹੱਸਣਗੇ।

Share:

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।