ਮੇਰੀ ਕਵਿਤਾ
ਇੱਕ ਤਾਂ ਇਹ ਸੁਆਲ ਹੈ ਕਿ ਕਵਿਤਾ ਕੀ ਹੈ ?
ਕਵਿਤਾ ਨੂੰ ਮੈਂ ਇਸ ਤਰਾਂ ਦੇਖਦਾ ਹਾਂ ਕਿ ਕਵਿਤਾ ਇੱਕ ਖਿਆਲ ਹੈ , ਜਿਸ ਨੂੰ ਲੈਅ ਬੱਧ ਸਤਰਾਂ ਵਿੱਚ ਲਿਖਿਆ ਜਾਂਦਾ ਹੈ । ਇਸ ਨੂੰ ਬੋਲਿਆ ਜਾ ਸਕਦਾ ਹੈ ਜਾਂ ਗਾਇਆ ਜਾ ਸਕਦਾ ਹੈ । ਇਸ ਦੁਆਰਾ ਬਹੁਤ ਥੋੜੇ ਸ਼ਬਦਾਂ ਵਿੱਚ ਬਹੁਤ ਵੱਡੀ ਗੱਲ ਕਹਿ ਸਕਦੇ ਹਾਂ । ਇਸ ਦੀਆਂ ਵੱਖਰੀਆਂ ਵੱਖਰੀਆਂ ਵੰਨਗੀਆਂ ਹਨ । ਪਰ ਆਮ ਤੌਰ ਤੇ ਛੰਦ-ਬੱਧ ਕਵਿਤਾ ਤੇ ਖੁੱਲ੍ਹੀ ਕਵਿਤਾ ਦਾ ਜ਼ਿਕਰ ਹੁੰਦਾ ਹੈ ।
ਅਗਰ ਮੈਂ ਕਿਸੇ ਵਿਸ਼ੇ ਜਾਂ ਘਟਨਾ ਅਧਾਰਤ ਕਵਿਤਾ ਲਿਖਣੀ ਹੋਵੋ ਤਾਂ ਮੇਰੇ ਲਈ ਕਵਿਤਾ ਨੂੰ ਲਿਖਣਾ ਬਹੁਤ ਮੁਸ਼ਕਲ ਹੈ । ਅਸਲ ਵਿੱਚ ਕਵਿਤਾ , ਮੇਰੇ ਮਨ ਤੇ ਬਰਸਾਤ ਵਾਂਗ ਹੀ ਹੁੰਦੀ ਹੈ । ਖਿਆਲ , ਸ਼ਬਦ , ਲੈਅ ਵਿਧੀ ਸਭ ਕੁੱਝ ਇਕੱਠਾ ਹੀ ਆਉਂਦਾ ਹੈ । ਜੇ ਸਮੇਂ ਸਿਰ ਕਵਿਤਾ ਲਿਖੀ ਗਈ ਤਾਂ ਲਿਖੀ ਗਈ , ਨਹੀਂ ਤਾਂ ਫਿਰ ਕਦੇ ਨਹੀਂ ਲਿਖ ਹੁੰਦੀ । ਹਾਂ ਲਿਖੀ ਗਈ ਕਵਿਤਾ ਵਿੱਚ ਸ਼ਬਦਾਂ ਦੀ ਭੰਨ ਤੋੜ ਕਰਦਾ ਰਹਿੰਦਾ ਹਾਂ । ਚੰਗੀ ਮਾੜੀ ਕਵਿਤਾ ਤਾਂ ਮੈਂ ਆਪਣੀ ਸੋਚ ਜਾਂ ਸਮਰੱਥਾ ਮੁਤਾਬਿਕ ਹੀ ਲਿਖ ਸਕਦਾ ਹਾਂ । ਪਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਸੌਖੇ ਸ਼ਬਦਾਂ ਵਿੱਚ , ਗਹਿਰੀ ਸੋਚ ਨਾਲ ਸਿੰਜੀ , ਰੌਚਿਕਤਾ ਭਰਪੂਰ ਕਵਿਤਾ ਲਿਖ ਸਕਾਂ , ਜਿਸ ਨੂੰ ਆਮ ਇਨਸਾਨ ਸੌਖ ਨਾਲ ਪੜ੍ਹ ਸਕੇ ।
ਇੱਕ ਹੋਰ ਸੁਆਲ ਆ ਕਿ ਮੈਂ ਕਵਿਤਾ ਕਿਉਂ ਲਿਖਦਾ ਹਾਂ ?
ਪਹਿਲਾਂ ਤਾਂ ਕਵਿਤਾ ਮੈਂ ਆਪਣੇ ਸ਼ੌਕ ਨੂੰ ਹੀ ਲਿਖਦਾ ਹੁੰਦਾ ਸੀ । ਜੋ ਮਨ ਵਿੱਚ ਆਇਆ ਲਿਖ ਦੇਣਾ , ਪਰ ਹੁਣ ਮੈਂ ਕਵਿਤਾ ਰਾਹੀਂ , ਕੋਈ ਨਾ ਕੋਈ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦਾ ਹਾਂ , ਜਿਸ ਉੱਤੇ ਵਧੀਆ ਗੱਲ-ਬਾਤ ਹੋ ਸਕੇ ਜਾਂ ਫਿਰ ਕਿਸੇ ਵਾਪਰ ਰਹੀ ਘਟਨਾ ਨੂੰ ਕਲਮਬੰਦ ਕਰਨ ਦੀ ਕੋਸ਼ਿਸ਼ ਕਰਦਾ ਹਾਂ ।
ਇੱਕ ਸੁਆਲ ਆ ਕਿ ਕਵਿਤਾ ਕਦੋਂ ਤੋਂ ਲਿਖਦਾ ਹਾਂ ?
ਕਵਿਤਾ ਤਾਂ ਮੈਂ ਕਾਲਜ ਦੇ ਸਮੇਂ ਤੋਂ ਹੀ ਲਿਖ ਰਿਹਾ ਹਾਂ ਪਰ ਕਦੇ ਨਿੱਠ ਕੇ ਨਹੀਂ ਲਿਖੀ , ਖਿਆਲ ਆਉਣਾ , ਕਦੇ ਲਿਖਿਆ ਜਾਣਾ ਤੇ ਕਦੇ ਗੁਣ ਗੁਣਾ ਕੇ ਛੱਡ ਦੇਣਾ । ਕਈ ਵਾਰ ਜ਼ਿੰਦਗੀ ਦੇ ਉਤਰਾ ਚੜ੍ਹਾਅ ਕਰਕੇ ਵੀ, ਨਾ ਕਵਿਤਾ ਦਾ ਖਿਆਲ ਆਇਆ, ਨਾ ਕਵਿਤਾ ਦੀ ਬਾਰਸ਼ ਹੋਈ , ਨਾ ਹੀ ਕਵਿਤਾ ਲਿਖ ਹੋਈ ।
ਓਦੋਂ ਬੜਾ ਚੰਗਾ ਲੱਗਦਾ ਹੁੰਦਾ ਸੀ, ਜਦੋਂ ਕਦੇ ਮੇਰੀ ਕਵਿਤਾ ਅਖ਼ਬਾਰਾਂ ਵਿੱਚ ਛੱਪਦੀ ਸੀ । ਪਰ ਕੰਮ-ਕਾਰਾਂ ਤੇ ਘਰ ਚਲਾਉਣ ਦੀਆਂ ਮਜਬੂਰੀ ਮੂਹਰੇ, ਸ਼ੌਂਕ ਦਮ ਤੋੜ ਜਾਂਦੇ ਹਨ ।
ਫੇਰ ਫੇਸਬੁੱਕ ਆਉਣ ਕਰਕੇ , ਪਾਠਕਾਂ ਵੱਲੋਂ ਮਿਲਦੇ ਹੁੰਗਾਰੇ ਕਾਰਨ , ਮੈਨੂੰ ਫਿਰ ਕਵਿਤਾ ਨੇ , ਆਪਣੇ ਨਾਲ ਜੋੜ ਲਿਆ । ਭਾਵੇਂ ਘੱਟ ਲਿਖਦਾ ਹਾਂ ਪਰ ਲਗਾਤਾਰ ਲਿਖ ਰਿਹਾ ਹਾਂ ।
ਇੱਕ ਸੁਆਲ ਆ ਕਿ ਕਿਹੋ ਜਿਹੀ ਕਵਿਤਾ ਲਿਖਦਾ ਹੋ ?
ਮੇਰੀ ਕਵਿਤਾ ਕਿਸੇ ਖ਼ਾਸ ਵਿਚਾਰਧਾਰਾ ਨਾਲ , ਨਹੀਂ ਜੁੜੀ ਹੁੰਦੀ , ਮੇਰੀ ਕਵਿਤਾ ਜ਼ਿਆਦਾਤਰ , ਸਮਾਜਿਕ ਵਰਤਾਰੇ ਨਾਲ ਜੁੜੀ ਹੁੰਦੀ ਹੈ । ਜੇ ਕਿਤੇ ਧਾਰਮਿਕ ਜਾਂ ਰਾਜਨੀਤਕ ਮੁੱਦੇ ਨਾਲ ਵੀ ਜੁੜੀ ਹੋਵੇ ਤਾਂ ਉਹ ਮੁੱਦਾ ਵੀ ਕਿਸੇ ਨਾ ਕਿਸੇ ਤਰੀਕੇ , ਸਾਡੇ ਸਮਾਜ ਨਾਲ ਜੁੜਿਆ ਹੁੰਦਾ ਹੈ । ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਜਾਤ , ਧਰਮ , ਰੰਗ , ਨਸਲ ਅਤੇ ਕੌਮ ਤੋਂ ਉੱਪਰ ਉੱਠ ਕੇ ਕਵਿਤਾ ਲਿਖਾਂ , ਜੋ ਸਮੁੱਚੀ ਦੁਨੀਆਂ ਦੇ ਲੋਕਾਂ ਲਈ ਅਤੇ ਇਨਸਾਨੀਅਤ ਲਈ ਹੋਵੇ ।
ਪਵਿੱਤਰ ਧਾਲੀਵਾਲ ।