ਪੰਜਾਬ ਹੈ ਕੀ …?
ਮੂਰਖਾਂ ਦੀ ਧਰਤੀ ਹੈ ਕੋਈ !
ਜੋ ਆਵੇ ਜਾਂ ਆਉਣ ਦੀ ਤਿਆਰੀ ਕਰੇ ਰੱਜ ਕੇ ਗੱਪ ਰੋੜੀ ਤੁਰੀ ਜਾਵੇ !

31 ਮਾਰਚ 2026 ਤੱਕ ਪੰਜਾਬ ਸਿਰ 4.17 ਲੱਖ ਕਰੋੜ ਦਾ ਕਰਜ਼ਾ ਹੋ ਜਾਣਾ ਤੇ ਜਿਸਨੇ ਅਗਲੀ ਸਰਕਾਰ ਦੇ ਬਣਨ ਤੱਕ 5 ਲੱਖ ਕਰੋੜ ਤੱਕ ਪਹੁੰਚ ਹੀ ਜਾਣਾ ।
ਅਸੀਂ ਚਾਹੁੰਦੇ ਹਾਂ ਅਕਾਲੀ ਦਲ ਪੰਜਾਬ ਦੀ ਖੇਤਰੀ ਧਿਰ ਹੈ ਬਚਕੇ ਰਹੇ … ਬਚੀ ਰਹੇ … ਕਿਤੇ ਵੱਡੀਆਂ ਸਾਜ਼ਿਸ਼ਾਂ ਦੇ ਦੌਰ ‘ਚ ਰੁੜ ਨਾ ਜਾਵੇ … ਇਤਿਹਾਸ ਦਾ ਪੰਨਾ ਨਾ ਬਣ ਜਾਵੇ , ਪਰ ਭਲਾ ਇਵੇਂ ਬਚੇਗੀ ..?

ਪੰਜਾਬ ਦਾ ਚੋਣ ਮੈਨੀਫਿਸਟੋ ਕੀ ਹੋਵੇ ਭਲਾ ..?

ਪੂਰੀ ਦੁਨੀਆਂ ‘ਚ ਧਰਤੀ ਹੇਠਲੇ ਪਾਣੀ ਨੂੰ ਬਚਾ ਕੇ ਰੱਖਣ ਦੇ ਯਤਨ ਹੋ ਰਹੇ ਹਨ । ਸਾਡੇ ਮੋਟਰਾਂ ਦੇ ਕੁਨੈਕਸ਼ਨਾਂ ਦੀ ਗੱਲ ਹੋ ਰਹੀ ਹੈ ।
ਕੁੜੀਆਂ ਦੇ ਵਿਆਹ ਲਈ ਲੱਖ ਰੁਪਏ ਮਿਲਣਗੇ ।
ਪੈਨਸ਼ਨ 3100 ਹੋਵੇਗੀ …
ਦਸ ਲੱਖ ਦਾ ਲੋਨ ਮਿਲੇਗਾ ..?

ਪਰ ਕਿਵੇਂ …?
ਉਵੇਂ ਪੰਜਾਬ ਦੀਆਂ ਜਾਇਦਾਦਾਂ ਗਹਿਣੇ ਰੱਖ ਕੇ ..?
ਵਰਲਡ ਬੈਂਕ , ਪ੍ਰਾਈਵੇਟ ਘਰਾਣਿਆਂ ਕੋਲ ਹੱਥ ਵਢਾ ਕੇ … ?

ਪੰਜਾਬ ਦੀ ਗੱਲ ਮੋਟਰਾਂ ਦੇ ਕੁਨੈਕਸ਼ਨਾਂ ‘ਚ ਨਹੀਂ ਪਈ ?
ਮੈਂ ਵਿਚਕਾਰਲੀ ਤੋਂ ਵੀ ਹੇਠਲੀ ਕਿਸਾਨੀ ਚੋਂ ਆ ਮੇਰੇ ਕੋਲ ਦੋ ਮੋਟਰਾਂ ਦੇ ਕੁਨੈਕਸ਼ਨ ਨੇ 1000-1500 ਰੁਪਏ ਮਹੀਨਾ ਬਿੱਲ ਭਰਨ ‘ਚ , ਪੰਜ ਹਜਾਰ ਸਲਾਨਾ ਮੋਟਰ ਟੈਕਸ (ਧਰਤੀ ਚੋਂ ਪਾਣੀ ਕੱਢਣ ਵਾਲਾ ਆਲਮੀ ਪੱਧਰ ਤੇ ਲਿਆ ਜਾਣ ਵਾਲਾ ਟੈਕਸ ) ਭਰਨ ‘ਚ ਮੈਨੂੰ ਕੋਈ ਦਿੱਕਤ ਨਹੀਂ … ਪਰ ਮੋਟਰ ਮੌਨੀਟਰ ਹੋਵੇ ਉਸਤੇ ਮੀਟਰ ਲੱਗੇ ਕਿ ਕਿੰਨਾ ਪਾਣੀ ਨਿੱਕਲ ਰਿਹਾ ਹੈ ..? ਅਸਲ ਪਾਣੀ ਦੀ ਕਿੰਨੀ ਲੋੜ ਕਿੰਨੀ ਹੈ ..?

ਖੇਤੀ ਦੇ ਬਦਲਵੇਂ ਹੱਲ ਲਈ ਸਾਡੀ ਕੀ ਵਿਉਂਤ ਹੈ ..?

ਮੈਂ ਕੇਰਾਂ ਇੱਕ ਖੇਤੀ ਕਮ ਅਰਥ ਸ਼ਾਸਤਰੀ ਨਾਲ ਗੱਲਬਾਤ ਕੀਤੀ ਸੀ ਕਿ ਪੰਜਾਬ ਐਗਰੋ ਬੇਸਿਡ ਇੰਡਸਟਰੀ ਦੀ ਹੱਬ ਬਣ ਸਕਦਾ ।
ਸਾਡੇ ਸ੍ਰੀ ਅੰਮ੍ਰਿਤਸਰ ਸਾਹਿਬ ਹਵਾਈ ਅੱਡੇ ਤੋਂ ਦੁਬਈ ਦੋਹਾ , ਕਤਰ ਦੀ ਢਾਈ ਘੰਟੇ ਦੀ ਫਲਾਈਟ ਹੈ ।
ਖੀਰੇ , ਟਮਾਟਰ , ਸਲਾਦ , ਮੁਰੱਬੇ , ਚੱਟਣੀਆਂ , ਹਰੀਆਂ ਸਬਜ਼ੀਆਂ ਜਾਣ ਇੱਥੋਂ … ਅਗਲੇ ਯੂਰਪੀਨ ਮੁਲਕਾਂ ਤੋਂ ਯੂਰੋ ‘ਚ ਮੰਗਵਾਉਂਦੇ ਹਨ ।
ਅਸੀਂ ਉਸ ਰੇਟ ਤੋਂ ਅੱਧ ‘ਚ ਵੀ ਦਈਏ ਤਾਂ ਵੀ ਫਾਇਦੇ ‘ਚ ਰਹਾਂਗੇ ।
ਗੱਲ ਤਾਂ ਇਹ ਹੈ ਕਿ ਪੰਜਾਬ ਦੇ ਖੇਤੀ ਜ਼ੋਨ ਬਣਨ ,
ਜਿਵੇਂ ਨਿਊਜੀਲੈਂਡ ਦਾ ਟੀ-ਪੁੱਕੀ ਕਿਵੀ ਫਰੂਟ ਤੇ ਐਵਕਾਡੋ ਜ਼ੋਨ ਹੈ ।
ਹੇਸਟਿੰਗਜ ਸੇਬਾਂ ਦਾ ਜ਼ੋਨ ਹੈ ।
ਉਸੇ ਅਧਾਰ ਤੇ ਪੰਜਾਬ ਦੇ ਤਿੰਨ ਜ਼ਿਲੇ ਆਲੂ ਜੋਨ , ਤਿੰਨ ਚਾਰ ਜਿਲੇਂ ਜਿਵੇਂ ਦਰਿਆਵਾਂ ਦੇ ਨਾਲ ਨਾਲ ਝੋਨਾ ਜੋਨ , ਪਠਾਨਕੋਟ , ਹੁਸ਼ਿਆਰਪੁਰ ,ਰੋਪੜ ਸਬਜ਼ੀ ਜੋਨ , ਹੋਣ !
ਅਬੋਹਰ ਫਾਜਲਿਕਾ , ਬਠਿੰਡਾ ਮਾਨਸਾ , ਕਿੰਨੂ , ਸੰਤਰਾ , ਅੰਗੂਰ , ਕਪਾਹ ਜੋਨ , ਵਾਈਨਰੀ ਲੱਗੇ , ਫਰੂਟ ਤੇ ਜੂਸ ਪ੍ਰੋਸੈਸਿੰਗ ਹੋਵੇ ।
ਪੰਜਾਬ ਵਿੱਚ ਇਹੋ ਜੇ 10-15 ਖੇਤੀ ਜ਼ੋਨ ਸੁਖਾਲੇ ਬਣ ਸਕਦੇ ਹਨ ।
ਹਰ ਜ਼ੋਨ ਵਿੱਚ ਟ੍ਰੇਨਿੰਗ ਸੈਂਟਰ , ਖੋਜ ਕੇਂਦਰ , ਸਬੰਧਿਤ ਫਸਲ ਦਾ ਬੀਮਾਂ ਕਿਵੇਂ ਕਰਨਾ , ਲੋਨ ਮੌਨੀਟਰ ਏਜੰਸੀ , ਆਧੁਨਕੀਕਰਨ ਤੇ ਸਬਸਿਡੀ ਵਿਵਸਥਾ ਦੇ ਨਾਲ ਨਾਲ ਲੋਕਲ ਖੇਤੀ ਜੋਨ ਦੀ ਮੰਡੀਕਰਨ ਵਿਵਸਥਾ ਹੋਵੇ ।
ਨਿਊਜੀਲੈਂਡ ਦੀ ਜੈਸਪਰੀ ਵਾਂਗ ਕਿਸਾਨਾਂ ਤੇ ਕੈਮੀਕਲ ਟੈਸਟਿੰਗ , ਪੈਸਟੀਸਾਈਡ ਵਰਤੋਂ ਤੇ ਪੂਰਾ ਸ਼ਿਕੰਜਾ ਹੋਵੇ । ਭਾਵ ਕਿ ਕਿਸ ਫਸਲ , ਖੇਤੀ ਪ੍ਰੋਡਕਟ ਨੂੰ ਕਿੰਨੇ ਕਿਹੜੇ ਪੈਸਟੀਸਾਈਡ ਦੀ ਜਰੂਰਤ ਹੈ , ਪੂਰੇ ਮਾਪਦੰਡਾਂ ਅਧੀਨ ਕੰਮ ਹੋਵੇ ।
ਹਰ ਸਾਲ ਮਿੱਟੀ , ਪਾਣੀ ਤੇ ਖੇਤੀ ਪ੍ਰੋਡਕਟ ਦੀ ਸੈਪਲਿੰਗ ਹੋਵੇ ।
ਕਿਸਾਨ ਆਪਣੇ ਖੇਤ ਲਈ ਜਿੰਮੇਵਾਰ ਹੋਣ ..!

ਲਘੂ ਉਦਯੋਗ ਜਾਣੀ ਮਿਲਟਸ ਦੀ ਖੇਤੀ , ਕੁਦਰਤੀ ਖੇਤੀ ਤੇ ਹੋਰ ਲੋਕਲ ਯਤਨਾਂ ਲਈ ਵੀ ਪੂਰਾ ਸਹਿਯੋਗ ਹੋਵੇ ।

ਇਹੋ ਜਾ ਹੈ ਕਿਸੇ ਦੇ ਧਿਆਨ ‘ਚ ..?

ਇਹ ਸਾਰਾ ਕੁੱਝ ਰੁਜ਼ਗਾਰ ਵੀ ਪੈਦਾ ਕਰੇਗਾ ।
ਜੇਕਰ ਕਿਸਾਨ ਨੂੰ ਇੱਕ ਕਿੱਲੇ ਚੋਂ ਢਾਈ ਤਿੰਨ ਲੱਖ ਦੀ ਆਮਦਨ ਹੋਵੇਗੀ ਤਾਂ ਇੱਕ ਕਿਸਾਨ ਵੀਹ ਪੱਚੀ ਹਜਾਰ ਮਹੀਨੇ ਤੇ ਇੱਕ ਪੱਕਾ ਕਾਮਾ , ਦੋ ਚਾਰ ਸੀਜਨਲ ਕਾਮਿਆਂ ਨੂੰ ਰੁਜ਼ਗਾਰ ਦੇ ਸਕਦਾ ।
ਪ੍ਰੋਸੈਸਿੰਗ ਯੂਨਿਟਾ ‘ਚ ਤਮਾਮ ਬੀਬੀਆਂ ਨੂੰ ਕੰਮ ਮਿਲ ਸਕਦਾ । ਉਹਨਾਂ ਨੂੰ 1000 ਰੁਪਏ ਦੀ ਖੈਰਾਤ ਨਾਲੋਂ 15000 ਰੁਪਏ ਦੇ ਰੁਜਗਾਰ ਤੇ ਫੋਕਸ ਹੋਵੇ । ਫਿਰ ਬੱਸ ਦੀ ਫ੍ਰੀ ਯਾਤਰਾ ਦੀ ਲੋੜ ਨਾ ਪਵੇ ।

ਜੇ ਇਹ ਸਾਰਾ ਕੁੱਝ ਦੁਨੀਆਂ ਭਰ ‘ਚ ਹੋ ਸਕਦਾ , ਸਾਡੇ ਕੀ ਮਾਂਹ ਮਾਰੇ ਹਨ ..!
ਪੰਜਾਬ ਵਰਗੀ ਮੌਸਮੀ , ਕੁਦਰਤੀ ਤੌਰ ਤੇ ਜ਼ਰਖੇਜ਼ ਧਰਤੀ ਨੂੰ ਨੌਰਥ ਦਾ ਸਵਰਗ ਬਣਾਇਆ ਜਾ ਸਕਦਾ ਹੈ ।
ਜੇ ਮਜਦੂਰ ਪਰਿਵਾਰ ‘ਚ 50-60 ਹਜਾਰ ਦੀ ਮਹੀਨਾਵਾਰ ਆਮਦਨ ਹੋਵੇਗੀ ।
ਤਿੰਨ ਚਾਰ ਕਿੱਲੇ ਵਾਲੇ ਕਿਸਾਨ ਦੀ ਸਲਾਨਾ ਦਸ ਲੱਖ ਰੁਪਏ ਨੈੱਟ ਦੀ ਆਮਦਨ ਹੋਵੇਗੀ ।

ਤਾਂ ਜੋ ਇਸ ਮੌਕੇ ਪੰਜਾਬ ਦਾ ਮਾਹੌਲ ਹੈ । ਉਸ ਵਿੱਚੋਂ ਸੁਖਾਲੇ ਨਿੱਕਲਿਆ ਜਾ ਸਕਦਾ ਹੈ ।
ਇਸ ਲਈ ਲਾਰਿਆਂ ਤੇ ਨਾਹਰਿਆਂ ਦੀ ਨਹੀਂ ਸਪੱਸ਼ਟ ਵਿਜਨ ਦੀ ਲੋੜ ਹੈ ।
ਜੋ ਇਸ ਮੌਕੇ ਕਿਸੇ ਕੋਲ ਨਹੀਂ …. ਬੱਸ ਸਭ ਆਪੋ ਆਪਣੀ ਚਮੜੀ ਬਚਾ ਰਹੇ ਹਨ ।

ਬਾਕੀ ਪੰਜਾਬ ਇਹ ਸਾਰਾ ਕੁੱਝ ਪੰਜ ਸਾਲ ‘ਚ ਸਪੱਸ਼ਟ ਵਿਜਨ ਨਾਲ ਸਿਰਜ ਸਕਦਾ ਹੈ । ਪੰਜਾਬ ਡੈੱਟ ਤੋਂ ਵੀ ਨਿੱਕਲ ਸਕਦਾ । ਇਸ ਤਰਾਂ ਬੇਹਤਰ ਸੇਹਤ ਸਹੂਲਤਾਂ , ਬੇਹਤਰ ਸਕਿੱਲ ਅਧਾਰਿਤ ਸਿੱਖਿਆ ਦੇ ਨਾਲ ਨਾਲ ਭਾਵੇ ਫਿਰ ਅਜੋਕੀ ਕੀਮਤ ‘ਚ 10 ਹਜ਼ਾਰ ਬੁਢੇਪਾ ਪੈਨਸ਼ਨ ਵੀ 65 ਸਾਲ ਤੋਂ ਬਾਅਦ ਸਭ ਨੂੰ ਦਿੱਤੀ ਜਾ ਸਕਦੀ ਹੈ ।

ਪਰ ਜੋ ਇਸ ਮੋਕੇ ਹੋ ਰਿਹਾ ਮੈਨੂੰ ਉਸ ਸਾਰੇ ਵਰਤਾਰੇ ਤੇ ਡਾਕਟਰ ਜਗਤਾਰ ਯਾਦ ਆ ਰਹੇ ਹਨ , ਸ਼ਾਇਦ ਉਹ ਪੰਜਾਬ ਬਾਬਤ ਹੀ ਲਿਖ ਕੇ ਗਏ ਹਨ ਕਿ

ਬੜੇ ਹੀ ਲੋਕ ਨੇ ਭੋਲੇ ਜੋ ਹਰ ਵਾਰੀ ਨੇ ਫਸ ਜਾਂਦੇ,
ਸਿਆਸਤ ਜਾਲ ਲਾ ਬੈਠੀ ਮਸੀਤਾਂ ਮੰਦਰਾਂ ਅੰਦਰ ।

ਤੁਸੀਂ ਬੋਲੋ ਨਾ ਬੋਲੋ ਕੁਝ ਕਹੋ ਯਾ ਨਾ ਕਹੋ ਦਿਲ ਦੀ,
ਇਬਾਰਤ ਹੈ ਕਥਾ ਸਾਰੀ ਤੁਹਾਡੇ ਅੱਖਰਾਂ ਅੰਦਰ ।

ਗੁਲਾਬਾਂ ਵਿਚ ਨਹੀਂ ਖੁਸ਼ਬੂ ਨਿਰੇ ਹੀ ਰੰਗ ਨੇ ਅਜ ਕਲ੍ਹ,
ਵਫ਼ਾ ਦੀ ਮਹਿਕ ਨੂੰ ‘ਜਗਤਾਰ’ ਭਾਲੇ ਪੱਥਰਾਂ ਅੰਦਰ ।

ਤਰਨਦੀਪ ਬਿਲਾਸਪੁਰ

Share:

Leave a Reply

Your email address will not be published. Required fields are marked *