ਭਾਰਤੀ ਅਧਿਕਾਰੀਆਂ ਨੇ ਅਮਰੀਕੀ ਨਾਗਰਿਕ ਅਤੇ ਖਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂੰ ਦੀ ਕਥਿਤ ਹੱਤਿਆ ਯੋਜਨਾ ਸਬੰਧੀ ਆਪਣਾ ਮੌਕਫ਼ ਦੁਹਰਾਇਆ ਹੈ।
ਭਾਰਤੀ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਪੰਨੂੰ ਹੱਤਿਆ ਮਾਮਲੇ ਵਿੱਚ ਦੋਸ਼ੀ ਕਰਾਰ ਨਿਖਿਲ ਗੁਪਤਾ ਦਾ ਭਾਰਤ ਸਰਕਾਰ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ 2023 ਵਿੱਚ ਨਿਊਯਾਰਕ ਵਿੱਚ ਗੁਰਪਤਵੰਤ ਸਿੰਘ ਪੰਨੂੰ ਦੀ ਕਥਿਤ ਹੱਤਿਆ ਸਾਜ਼ਿਸ਼ ਵਿੱਚ ਭਾਰਤੀ ਸਰਕਾਰ ਦੀ ਕੋਈ ਭੂਮਿਕਾ ਨਹੀਂ ਸੀ। ਪੰਨੂੰ ਅਮਰੀਕੀ ਨਾਗਰਿਕ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖੁੱਲ੍ਹੇ ਆਲੋਚਕ ਮੰਨੇ ਜਾਂਦੇ ਹਨ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 54 ਸਾਲਾ ਨਿਖਿਲ ਗੁਪਤਾ ਨੇ ਖਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂੰ ਦੀ ਕਥਿਤ ਹੱਤਿਆ ਦੀ ਕੋਸ਼ਿਸ਼ ਨਾਲ ਜੁੜੀਆਂ ਤਿੰਨ ਧਾਰਾਵਾਂ ਤਹਿਤ ਦੋਸ਼ ਕਬੂਲ ਕਰ ਲਏ ਹਨ। ਮੋਦੀ ਸਰਕਾਰ ਨੇ ਪੰਨੂੰ ਨੂੰ ਆਤੰਕੀ ਘੋਸ਼ਿਤ ਕਰਦਿਆਂ ਉਸਦੀ ਸੰਸਥਾ ਸਿੱਖਸ ਫਾਰ ਜਸਟਿਸ ‘ਤੇ ਪਾਬੰਦੀ ਲਗਾਈ ਹੋਈ ਹੈ। ਸਰੋਤਾਂ ਮੁਤਾਬਕ, ਸਰਕਾਰ ਨਿਊਯਾਰਕ ਅਦਾਲਤ ਵਿੱਚ ਚੱਲ ਰਹੀ ਕਾਰਵਾਈ ਬਾਰੇ ਹੋਰ ਜਾਣਕਾਰੀ ਦੀ ਉਡੀਕ ਕਰ ਰਹੀ ਹੈ ਤਾਂ ਜੋ ਅਗਲਾ ਕਦਮ ਤੈਅ ਕੀਤਾ ਜਾ ਸਕੇ।
ਗੁਰਪਤਵੰਤ ਸਿੰਘ ਕੌਣ ਹਨ?
ਪੰਨੂੰ ਹਰਦੀਪ ਸਿੰਘ ਨਿੱਝਰ ਦੇ ਸਾਥੀ ਮੰਨੇ ਜਾਂਦੇ ਹਨ, ਜਿਨ੍ਹਾਂ ਨੂੰ ਜੂਨ 2023 ਵਿੱਚ ਪੱਛਮੀ ਕੈਨੇਡਾ ਦੇ ਇੱਕ ਗੁਰਦੁਆਰੇ ਬਾਹਰ ਨਕਾਬਪੋਸ਼ ਹਮਲਾਵਰਾਂ ਵੱਲੋਂ ਗੋਲੀ ਮਾਰ ਦਿੱਤੀ ਗਈ ਸੀ। ਇਸ ਘਟਨਾ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਭਾਰਤੀ ਸਰਕਾਰੀ ਅਧਿਕਾਰੀਆਂ ‘ਤੇ ਸ਼ਾਮਿਲ ਹੋਣ ਦੇ ਦੋਸ਼ ਲਗਾਏ ਸਨ, ਜਿਸਨੂੰ ਭਾਰਤ ਨੇ ਖਾਰਜ ਕਰ ਦਿੱਤਾ ਸੀ।

ਨਿਖਿਲ ਗੁਪਤਾ ਨੇ ਦੋਸ਼ ਕਬੂਲੇ
ਨਿਖਿਲ ਗੁਪਤਾ ‘ਤੇ ਨਿਊਯਾਰਕ ਸਿਟੀ ਵਿੱਚ ਪੰਨੂੰ ਦੀ ਨਾਕਾਮ ਹੱਤਿਆ ਸਾਜ਼ਿਸ਼ ਰਚਣ ਦਾ ਦੋਸ਼ ਹੈ ਅਤੇ ਉਸਨੇ ਮੈਨਹੈਟਨ ਦੀ ਫੈਡਰਲ ਅਦਾਲਤ ਵਿੱਚ ਤਿੰਨ ਫੌਜਦਾਰੀ ਇਲਜ਼ਾਮਾਂ ਹੇਠ ਦੋਸ਼ ਕਬੂਲ ਕੀਤੇ ਹਨ। 13 ਫਰਵਰੀ 2026 ਨੂੰ ਉਸਨੇ ਅਦਾਲਤ ਵਿੱਚ ਇਨ੍ਹਾਂ ਦੋਸ਼ਾਂ ਨੂੰ ਸਵੀਕਾਰ ਕੀਤਾ।
ਉਸਨੇ ਮੈਨਹੈਟਨ ਫੈਡਰਲ ਅਦਾਲਤ ਸਾਹਮਣੇ ਇਹ ਬਿਆਨ ਦਿੱਤਾ ਹੈ। ਹੁਣ ਉਸਨੂੰ ਇਨ੍ਹਾਂ ਧਾਰਾਵਾਂ ਤਹਿਤ ਵੱਧ ਤੋਂ ਵੱਧ 40 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।
ਨਿਖਿਲ ਗੁਪਤਾ 2024 ਤੋਂ ਅਮਰੀਕੀ ਜੇਲ੍ਹ ਵਿੱਚ ਬੰਦ ਹੈ। ਜੂਨ 2024 ਵਿੱਚ ਚੈਕ ਗਣਰਾਜ ਤੋਂ ਅਮਰੀਕਾ ਹਵਾਲਗੀ ਤੋਂ ਬਾਅਦ ਤੋਂ ਉਹ ਬਰੂਕਲਿਨ ਦੀ ਫੈਡਰਲ ਜੇਲ੍ਹ ਵਿੱਚ ਕੈਦ ਹੈ। ਉਸਨੂੰ ਇਸ ਤੋਂ ਇੱਕ ਸਾਲ ਪਹਿਲਾਂ ਚੈਕ ਗਣਰਾਜ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਮਰੀਕਾ ਹਵਾਲਗੀ ਤੋਂ ਤੁਰੰਤ ਬਾਅਦ ਉਸਨੇ ਆਪਣੇ ਖ਼ਿਲਾਫ਼ ਲਗੇ ਦੋਸ਼ਾਂ ਨੂੰ ਝੂਠਾ ਦੱਸਦਿਆਂ ਬੇਦੋਸ਼ ਹੋਣ ਦੀ ਅਪੀਲ ਕੀਤੀ ਸੀ।
ਦੋਸ਼ ਲਗਾਇਆ ਗਿਆ ਹੈ ਕਿ ਨਿਖਿਲ ਗੁਪਤਾ ਨੇ ਇੱਕ ਭਾਰਤੀ ਅਧਿਕਾਰੀ ਨਾਲ ਮਿਲ ਕੇ ਗੁਰਪਤਵੰਤ ਸਿੰਘ ਪੰਨੂੰ ਦੀ ਹੱਤਿਆ ਦੀ ਸਾਜ਼ਿਸ਼ ਰਚੀ। ਹਾਲਾਂਕਿ ਭਾਰਤੀ ਸਰਕਾਰ ਨੇ ਪੰਨੂੰ ਖ਼ਿਲਾਫ਼ ਕਿਸੇ ਵੀ ਸਾਜ਼ਿਸ਼ ਤੋਂ ਖੁਦ ਨੂੰ ਅਲੱਗ ਦੱਸਦਿਆਂ ਕਿਹਾ ਹੈ ਕਿ ਇਸ ਤਰ੍ਹਾਂ ਦੀ ਕਾਰਵਾਈ ਸਰਕਾਰੀ ਨੀਤੀ ਦੇ ਖਿਲਾਫ਼ ਹੈ।

Share:

Leave a Reply

Your email address will not be published. Required fields are marked *