*ਸਾਮਰਾਜੀ ਤਾਕਤਾਂ ਤੇ ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਗਰਜੇ ਕਿਸਾਨ
ਪਾਤੜਾਂ, 23 ਮਾਰਚ: ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਮੌਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ਹੀਦ ਭਗਤ ਸਿੰਘ ਚੋਂਕ ਪਾਤੜਾਂ ਵਿਖੇ ‘ਸਾਮਰਾਜਵਾਦ ਵਿਰੋਧੀ ਦਿਵਸ’ ਮਨਾਉਂਦਿਆਂ ਕੇਂਦਰ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਦਾ ਤਿੱਖਾ ਵਿਰੋਧ ਕੀਤਾ ਗਿਆ। ਇਸ ਮੌਕੇ ਇਕੱਠੇ ਹੋਏ ਕਿਸਾਨਾਂ ਤੇ ਮਜ਼ਦੂਰਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਪੁਤਲੇ ਸਾੜ ਕੇ ਵਿਸ਼ਵ ਪੱਧਰੀ ਜੰਗਖ਼ੋਰ ਨੀਤੀਆਂ ਵਿਰੁੱਧ ਆਪਣਾ ਗੁੱਸਾ ਜ਼ਾਹਰ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਮੋਰਚੇ ਦੇ ਆਗੂਆਂ ਕੁਲਵੰਤ ਸਿੰਘ ਮੌਲਵੀਵਾਲਾ, ਸੁਖਦੇਵ ਸਿੰਘ ਹਰਿਆਊ ਅਤੇ ਗੁਰਵਿੰਦਰ ਸਿੰਘ ਦੇਧਨਾ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦਾਂ ਨੇ ਜਿਸ ਬਰਾਬਰਤਾ ਵਾਲੇ ਸਮਾਜ ਦੀ ਕਲਪਨਾ ਕੀਤੀ ਸੀ, ਉਹ ਅੱਜ ਵੀ ਇੱਕ ਸੁਪਨਾ ਹੀ ਬਣਿਆ ਹੋਇਆ ਹੈ। ਉਨ੍ਹਾਂ ਕਿਹਾ, “ਅੱਜ ਚਾਰੇ ਪਾਸੇ ਕਿਰਤ ਦੀ ਲੁੱਟ ਹੋ ਰਹੀ ਹੈ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਉਹ ਸਿਲਸਿਲਾ ਜਾਰੀ ਹੈ, ਜਿਸ ਵਿਰੁੱਧ ਸ਼ਹੀਦ ਭਗਤ ਸਿੰਘ ਨੇ ਸਿਸਟਮ ਨਾਲ ਲੜਨ ਦਾ ਹੋਕਾ ਦਿੱਤਾ ਸੀ ਅਤੇ ਕਿਹਾ ਸੀ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਇਹ ਲੁੱਟ ਖ਼ਤਮ ਨਹੀਂ ਹੁੰਦੀ।”
ਬੁਲਾਰਿਆਂ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਅਮਰੀਕਾ ਵਿਸ਼ਵ ਵਿੱਚ ਆਪਣੀ ਚੌਧਰ ਕਾਇਮ ਰੱਖਣ ਲਈ ਹਰ ਪਾਸੇ ਜੰਗ ਦਾ ਮਾਹੌਲ ਬਣਾ ਕੇ ਬੇਕਸੂਰ ਲੋਕਾਂ ਦਾ ਘਾਣ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਹਾਕਮ ਅਮਰੀਕੀ ਰਾਸ਼ਟਰਪਤੀ ਦੇ ਹੁਕਮਾਂ ਅੱਗੇ ਗੋਡੇ ਟੇਕ ਕੇ ‘ਜੀ ਹਜ਼ੂਰੀ’ ਕਰ ਰਹੇ ਹਨ। ਇਸ ਦੀ ਮੁੱਖ ਮਿਸਾਲ ਮੁਫ਼ਤ ਵਪਾਰ ਸਮਝੌਤਾ ਹੈ। ਇਸੇ ਤਰ੍ਹਾਂ ਬਿਜਲੀ ਸੋਧ ਬਿੱਲ ਤੇ ਬੀਜ ਬਿੱਲ, 1 ਅਪ੍ਰੈਲ ਤੋਂ ਲਾਗੂ ਹੋਣ ਵਾਲੇ ਚਾਰ ਲੇਬਰ ਕੋਡ ਜੋ ਮਜ਼ਦੂਰਾਂ ਦੇ ਹੱਕ ਖੋਹਣ ਲਈ ਬਣਾਏ ਗਏ ਹਨ। ‘ਜੀ ਰਾਮ ਜੀ’ ਸਕੀਮ ਰਾਹੀਂ ਕੇਂਦਰ ਸਰਕਾਰ ਰੁਜ਼ਗਾਰ ਦੇਣ ਦੀ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਹਟ ਰਹੀ ਹੈ।
ਅੱਜ ਦੇ ਇਸ ਐਕਸ਼ਨ ਵਿੱਚ ਗੁਰਵਿੰਦਰ ਸਿੰਘ ਦੇਧਨਾ , ਕਰਮਜੀਤ ਸਿੰਘ ਪਾਤੜਾਂ,ਜਗਜੀਤ ਸਿੰਘ ਦੁਗਾਲ, ਸੁਬੇਗ ਸਿੰਘ ਸ਼ੁਤਰਾਣਾ, ਰਾਮਚੰਦ ਚੂਨਾਗਰਾ,ਡਾਕਟਰ ਮਹਿੰਦਰ ਖਾਂਗ, ਗੁਰਤੇਜ ਤੇਜੀ ਦੇਧਨਾ,ਬਲਬੀਰ ਸਿੰਘ, ਜੋਰਾ ਸਿੰਘ ਭੁਤਗੜ੍ਹ, ਗੁਰਜੰਟ ਕਾਲੀ ਦੇਧਨਾ,ਜਾਨਪਾਲ ਸਿੰਘ ਕਾਂਗਥਲਾ, ਧਰਮਪਾਲ ਪਾਤੜਾਂ, ਹਰਪਾਲ ਪਾਲੂ, ਸ਼ਿਵ ਕੁਮਾਰ ਖਾਂਗ,ਸਾਧਾ ਸਿੰਘ ਪਾਤੜਾਂ, ਗਗਨਦੀਪ ਚੂਨਾਗਰਾ,ਕਾਕਾ ਪਾਤਰ,ਬੁਗਾ ਦੇਧਨਾ,ਜੋਗਿੰਦਰ ਸਿੰਘ ਪੈਂਦ, ਗੁਰਨੈਬ ਸਿੰਘ ਅਤੇ ਚਰਨਾਂ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਕਿਸਾਨਾਂ ਅਤੇ ਕਿਰਤੀਆਂ ਨੇ ਹਿੱਸਾ ਲਿਆ ਅਤੇ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਲੜਾਈ ਜਾਰੀ ਰੱਖਣ ਦਾ ਪ੍ਰਣ ਲਿਆ।