ਦਿੱਲੀਏ ਦਿਆਲਾ ਵੇਖ

ਦਿੱਲੀਏ ਦਿਆਲਾ ਵੇਖ ਦੇਗ਼ ‘ਚ ਉਬਲਦਾ ਨੀ,
ਅਜੇ ਤੇਰਾ ਦਿਲ ਨਾ ਠਰੇ ।
ਮਤੀਦਾਸ ਤਾਈਂ ਚੀਰ ਆਰੇ ਵਾਂਗ ਜੀਭ ਤੇਰੀ,
ਅਜੇ ਤਾਈਂ ਮਨ ਮੱਤੀਆਂ ਕਰੇ ।

ਲੋਕਾਂ ਦੀਆਂ ਭੁੱਖਾਂ ਉੱਤੇ ਫ਼ਤਹਿ ਸਾਡੀ ਦੇਗ਼ ਦੀ ।
ਲੋਕਾਂ ਦਿਆਂ ਦੁੱਖਾਂ ਉੱਤੇ ਫ਼ਤਹਿ ਸਾਡੀ ਤੇਗ਼ ਦੀ ।
ਅਸੀਂ ਤਾਂ ਆ ਮੌਤ ਦੇ ਚਬੂਤਰੇ ‘ਤੇ ਆਣ ਖੜ੍ਹੇ ।
ਇਹ ਤਾਂ ਭਾਵੇਂ ਖੜ੍ਹੇ ਨਾ ਖੜ੍ਹੇ ।

ਤੇਰੇ ਤਾਂ ਪਿਆਦੇ ਨਿਰੇ ਖੇਤਾਂ ਦੇ ਪ੍ਰੇਤ ਨੀ ।
ਤਿਲਾਂ ਦੀ ਪੂਲੀ ਵਾਂਗੂੰ ਝਾੜ ਲੈਂਦੇ ਖੇਤ ਨੀ ।
ਵੇਖ ਕਿਵੇਂ ਨਰਮੇ ਦੇ ਢੇਰਾਂ ਦੇ ਵਿਚਾਲੇ ਲੋਕੀਂ,
ਸੌਂਦੇ ਨੇ ਘਰੋੜੇ ਤੇ ਰੜੇ ।

ਲਾਲ ਕਿਲੇ ਵਿਚ ਲਹੂ ਲੋਕਾਂ ਦਾ ਜੋ ਕੈਦ ਹੈ ।
ਬੜੀ ਛੇਤੀ ਇਹਦੇ ਬਰੀ ਹੋਣ ਦੀ ਉਮੈਦ ਹੈ ।
ਪਿੰਡਾਂ ਵਿਚੋਂ ਤੁਰੇ ਹੋਏ ਪੁੱਤ ਨੀ ਬਹਾਦਰਾਂ ਦੇ,
ਤੇਰੇ ਮਹਿਲੀਂ ਵੜੇ ਕਿ ਵੜੇ ।

ਸਿਰਾਂ ਵਾਲੇ ਲੋਕੀਂ ਬੀਜ ਚੱਲੇ ਆਂ ਬੇਓੜ ਨੀ ।
ਇੱਕ ਦਾ ਤੂੰ ਮੁੱਲ ਭਾਵੇਂ ਰੱਖ ਦੀਂ ਕਰੋੜ ਨੀ ।
ਲੋਕ ਐਨੇ ਸੰਘਣੇ ਨੇ ਲੱਖੀ ਦੇ ਜੰਗਲ ਵਾਂਗੂੰ,
ਸਿੰਘ ਤੈਥੋਂ ਜਾਣੇ ਨਾ ਫੜੇ ।

ਸੱਚ ਮੂਹਰੇ ਸਾਹ ਤੇਰੇ ਜਾਣਗੇ ਉਤਾਹਾਂ ਨੂੰ ।
ਗੱਲ ਨਹੀਂ ਆਉਣੀ ਤੇਰੇ ਝੂਠਿਆਂ ਗਵਾਹਾਂ ਨੂੰ ।
ਸੰਗਤਾਂ ਦੀ ਸੱਥ ਵਿਚ ਜਦੋਂ ਤੈਨੂੰ ਖ਼ੂਨਣੇ ਨੀ,
ਲੈ ਕੇ ਫ਼ੌਜੀ ਖ਼ਾਲਸੇ ਖੜ੍ਹੇ ।

ਦਿੱਲੀਏ ਦਿਆਲਾ ਵੇਖ ਦੇਗ਼ ‘ਚ ਉਬਲਦਾ ਨੀ,
ਅਜੇ ਤੇਰਾ ਦਿਲ ਨਾ ਠਰੇ ।
ਮਤੀਦਾਸ ਤਾਈਂ ਚੀਰ ਆਰੇ ਵਾਂਗ ਜੀਭ ਤੇਰੀ,
ਅਜੇ ਤਾਈਂ ਮਨ ਮੱਤੀਆਂ ਕਰੇ ।

ਉੱਠ ਕਿਰਤੀਆ ਉੱਠ ਵੇ

ਉੱਠ ਕਿਰਤੀਆ ਉੱਠ ਵੇ ਉੱਠਣ ਦਾ ਵੇਲਾ ।
ਜੜ੍ਹ ਵੈਰੀ ਦੀ ਪੁੱਟ ਵੇ ਪੁੱਟਣ ਦਾ ਵੇਲਾ ।
ਤੇਰੇ ਸਿਰ ਤੇ ਚੋਅ ਚੋਅ ਚਾਨਣ ਗਏ ਨੇ ਤੇਰੇ ਜੁੱਟ ਵੇ ।

ਸੁੱਤਿਆ ਵੇ ਇਹ ਧਰਤ ਹੈ ਕੇਹੀ ਜਿਥੇ ਮਾਂ ਤੇ ਪੁੱਤ ਦਾ ਰਿਸ਼ਤਾ ।
ਕੁਝ ਟੁਕੜੇ ਕੁਝ ਟਕਿਆਂ ਬਦਲੇ, ਮਾਸ ਦੇ ਵਾਂਗੂੰ ਹੱਟੀਏਂ ਵਿਕਦਾ ।
ਲੂਸ ਗਿਆ ਮਜ਼ਦੂਰ ਦਾ ਪਿੰਡਾ ਜੇਠ ਹਾੜ੍ਹ ਦਾ ਹੁੱਟ ਵੇ ।

ਜੇ ਰੋਟੀ ਦੀ ਅੱਗ ਚਾਹੀਦੀ ਤਾਂ ਫਿਰ ਸਾਂਭ ਬਾਰੂਦ ਨਾ ਰੱਖੀਂ ।
ਜੇ ਕੁਝ ਮੁੜ੍ਹਕੇ ਦਾ ਮੋਹ ਹੈਗਾ ਤਾਂ ਫਿਰ ਨੱਪ ਖਰੂਦ ਨਾ ਰੱਖੀਂ ।
ਤੂੰ ਐਟਮ ਦੀ ਧੂੜ ਵਿਚਾਲੇ ਸੁੱਟ ਚਾਨਣ ਦੀ ਮੁੱਠ ਵੇ ।

ਤੇਰੇ ਹਲ ਦੀਆਂ ਰਾਹਲਾਂ ਦਾ ਕੋਈ ਕਾਹਤੋਂ ਸੱਪਣੀ ਲਾਭ ਉੱਠਾਵੇ ।
ਫ਼ੌਜਣ ਕਾਹਤੋਂ ਆਪਣੇ ਢਿੱਡ ਵਿਚ ਸੇਠ ਦਾ ਕੀਤਾ ਪਾਪ ਹੰਢਾਵੇ ।
ਜੋ ਤੇਰੀ ਦਸਤਾਰ ਨੂੰ ਪੈਂਦੇ ਤੋੜ ਦੇਈਂ ਉਹ ਗੁੱਟ ਵੇ ।

ਸਖਣੇ ਜੰਗ ਨੂੰ ਭਰਦਾ ਕੋਈ ਪੁੰਨ ਯੁੱਗਾਂ ਦਾ ਕਿਸੇ ਨੂੰ ਲੱਗਦਾ ।
ਗੋਲੀ ਕਿਸੇ ਦੀ ਹਿੱਕ ਨੂੰ ਵਿੰਨ੍ਹੇ, ਤਗ਼ਮਾ ਕਿਸੇ ਦੀ ਹਿੱਕ ‘ਤੇ ਫੱਬਦਾ ।
ਤੂੰ ਖੰਡੇ ਦੀ ਧਾਰ ਦੇ ਵਿਚੋਂ ਲਿਸ਼ਕ ਵਾਂਗਰਾਂ ਫੁੱਟ ਵੇ ।

ਪਿੰਡਾ ਦੀ ਰੌਣਕ ਸਭ ਢੋਈ ਕਿਰਤੀ ਦੇ ਕੰਧਿਆਂ ‘ਤੇ ਸ਼ਹਿਰਾਂ ।
ਪਰ ਤੇਰਿਆਂ ਚਾਵਾਂ ਦੇ ਨਿੱਤ ਮੁਰਦੇ ਸਿਰ ‘ਤੇ ਢੋਵਣ ਤੇਰੀਆਂ ਲਹਿਰਾਂ ।
ਸਿਰ ਤਾਂ ਬੀਜ਼ ਸਹੀ ਤੂੰ, ਬੱਦਲੀ ਆਪੇ ਪਊ ਤਰੁੱਠ ਵੇ ।

ਮੁੜ ਜੇ ਕਿਤੇ ਨਿਰਾਸ਼ ਨਾ ਕਵਿਤਾ ਤੇਰੇ ਦਰ ਮੂਹਰੇ ਦੇ ਹੋਕਾ ।
ਕਲਮ ਲਹੂ ਵਿਚ ਕੱਢੇ ਕੁਤਕੁਤੀ ਸੁਰਤ ਕਰੀਂ ਵੇ ਸੁੱਤਿਆ ਲੋਕਾ ।
ਖੜ੍ਹੇ ਤਲਾਅ ਵਿਚ ਵਾਂਗ ਕੰਕਰੀ ਲਹਿਰਾਂ ਬਣ ਕੇ ਫੁੱਟ ਵੇ ।
ਉੱਠ ਕਿਰਤੀਆ ਉੱਠ ਵੇ ਉੱਠਣ ਦਾ ਵੇਲਾ ।
ਜੜ੍ਹ ਵੈਰੀ ਦੀ ਪੁੱਟ ਵੇ ਪੁੱਟਣ ਦਾ ਵੇਲਾ ।
ਤੇਰੇ ਸਿਰ ਤੇ ਚੋਅ ਚੋਅ ਚਾਨਣ ਗਏ ਨੇ ਤੇਰੇ ਜੁੱਟ ਵੇ ।

ਲੋੜ

ਖ਼ੂਨ ਨੂੰ ਲਲਕਾਰ ਦੀ ਬੱਸ ਲੋੜ ਹੈ ।
ਧੁਖਣ ਨੂੰ ਅੰਗਿਆਰ ਦੀ ਬੱਸ ਲੋੜ ਹੈ ।

ਹੋਏ ਜੁਆਨ ਅਕਲ ਤੇ ਜਜ਼ਬੇ ਜੁਆਨ,
ਤਲਵਾਰ ਹੱਥ ਤਲਵਾਰ ਦੀ ਬੱਸ ਲੋੜ ਹੈ ।

ਹੱਕ ਲਈ ਮਰਦੇ ਨੂੰ ਕੱਫ਼ਨ ਨਾ ਦਿਓ,
ਲੋਥ ਨੂੰ ‘ਦਸਤਾਰ ਦੀ ਬੱਸ ਲੋੜ ਹੈ ।

ਲੋੜ ਨਾ ਜੁ ਸਹਿ ਸਕੇ ਫੁੱਲਾਂ ਦੀ ਮਾਰ,
ਰੂਹ ‘ਚ ਆਏ ਯਾਰ ਦੀ ਬੱਸ ਲੋੜ ਹੈ ।

ਪਰਖ ਆਪੇ ਹੀ ਕਿਨਾਰੇ ਕਰਨਗੇ,
ਬੇੜੀ ਨੂੰ ਪਤਵਾਰ ਦੀ ਬੱਸ ਲੋੜ ਹੈ ।

ਬੜਾ ਪੀਤਾ ਕੰਡਿਆਂ ਫੁੱਲਾਂ ਦਾ ਖ਼ੂਨ,
ਖਾਰ ਨੂੰ ਹੁਣ ਖਾਰ ਦੀ ਬੱਸ ਲੋੜ ਹੈ ।

ਬਾਜਰੇ ਦਾ ਸਿੱਟਾ

ਬਾਜਰੇ ਦਾ ਸਿੱਟਾ ਉੱਤੇ ਬੂਰ ਚਿੱਟਾ ਚਿੱਟਾ
ਵਿਚ ਪੈਂਦਾ ਜਾਂਦਾ ਦਾਣਾ ਏ ।
ਬਾਜਰੇ ਦਾ ਦਾਣਾ, ਦਾਣਾ ਮੋਤੀ ਬਣ ਜਾਣਾ ਏ ।
ਬਾਜਰੇ ਦੀ ਰੋਟੀ ਨਾਲੇ ਭਾਰੀ ਨਾਲੇ ਮੋਟੀ, ਲਾ ਕੇ ਮਖਣੀ ਪਕਾਈ ਦੀ ।
ਖਾ ਕੇ ਹਿੱਕ ਚੌੜੀ ਹੁੰਦੀ ਜਾਂਦੀ ਮੇਰੇ ਮਾਹੀ ਦੀ ।
ਬਾਜਰੇ ਦਾ ਸਿੱਟਾ …………………………

ਬਾਜਰੇ ਦਾ ਖੇਤ, ਉੱਤੇ ਸੋਨਾ ਥੱਲੇ ਰੇਤ, ਵਿਚ ਡੋਲ੍ਹਿਆ ਪਸੀਨਾ ਏ ।
ਤੇਰਾ ਮੇਰਾ ਲੇਖਾ ਕਦੇ ਦੂਣਾ, ਕਦੇ ਤੀਣਾ ਏ ।
ਬਾਜਰੇ ਦਾ ਸਿੱਟਾ …………………………

ਬਾਜਰੇ ਦਾ ਬੂਰ, ਦੇਖ ਚੜਦਾ ਸਰੂਰ, ਜਿਵੇਂ ਪੌਣ ਨਸ਼ਿਆ ਗਈ ।
ਕੁਦਰਤ ਰਾਣੀ ਐ, ਵਧਾਈ ਦੇਣ ਆ ਗਈ ।
ਬਾਜਰੇ ਦਾ ਸਿੱਟਾ …………………………

Share:

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।