
ਗ਼ਜ਼ਲ-ਪਿਘਲਦੀ ਚਾਂਦੀ ਵਹੇ ਪਾਣੀ ਨਹੀਂ
ਪਿਘਲਦੀ ਚਾਂਦੀ ਵਹੇ ਪਾਣੀ ਨਹੀਂ
ਇਹ ਫੁਆਰੇ ਪਿਆਸ ਦੇ ਹਾਣੀ ਨਹੀਂ
ਤੁਰ ਗਿਆ ਕੋਈ ਦਿਲ ‘ਚ ਲੈ ਕੇ ਸਾਦਗੀ
ਤੇਰੀਆਂ ਨਜ਼ਰਾਂ ਨੇ ਪਹਿਚਾਣੀ ਨਹੀਂ
ਰੱਜ ਕੇ ਤਾਂ ਭਟਿਕਆ ਵੀ ਨਹੀਂ ਗਿਆ
ਹਾਰ ਵੀ ਤਾਂ ਇਸ਼ਕ ਦੀ ਮਾਣੀ ਨਹੀਂ
ਤੂੰ ਮਿਲੇਂ ਤਾਂ ਗੱਲ ਇਹ ਛੋਟੀ ਨਹੀਂ
ਪਰ ਮੇਰੇ ਦਿਲ ਚੋਂ ਗਮੀਂ ਜਾਣੀ ਨਹੀਂ
ਸਿਰ ਬਿਨਾ ਤੁਰਦੇ ਰਹੇ ਸੰਗਰਾਮੀਏ
ਕੀ ਐ ‘ਦਿਲ’ ! ਜੇ ਹਮਸਫਰ ਹਾਣੀ ਨਹੀਂ
ਜਜ਼ਬੇ ਦੀ ਖੁਦਕੁਸ਼ੀ
ਮੈਂ ਚਾਹਿਆ ਚੰਨ ਤੇ ਲਿਖ ਦੇਵਾਂ
ਤੇਰੇ ਨਾਂ ਨਾਲ਼ ਨਾਂ ਆਪਣਾ
ਮੈਂ ਚਾਹਿਆ ਹਰ ਜ਼ੱਰੇ ਦੇ ਨਾਲ਼
ਕਰ ਦੇਵਾਂ ਸਾਂਝੀ ਖੁਸ਼ੀ
ਤੇਰੀ ਉਸ ਦਿਲਬਰੀ ਅੰਦਰ
ਮੇਰਾ ਕੁੱਝ ਹਾਲ ਸੀ ਏਦਾਂ
ਮੈਂ ਤੇਰੇ ਪਿਆਰ ਦੀ ਗੱਲ ਨੂੰ
ਕਿਵੇਂ ਨਾ ਭੇਤ ਕਰ ਸਕਿਆ
ਤੂੰ ਮੈਨੂੰ ਫਿਰ ਨਹੀਂ ਮਿਲਿਓਂ
ਇਕੇਰਾਂ ਵੀ ਨਾ ਮਿਲ ਸਕੀਓਂ
ਮੈਂ ਆਪਣੀ ਸਾਧਨਾ ਅੰਦਰ
ਕਿਹੜੇ ਜੰਗਲ ਨਹੀਂ ਤੁਰਿਆ
ਕਿਹੜੇ ਸਾਗਰ ਨਹੀਂ ਤਰਿਆ
ਕਿਹੜੇ ਅੰਬਰ ਨਹੀਂ ਟੋਹੇ
ਕੁੱਝ ਵੀ ਤੇਰੇ ‘ਚੋਂ ਪਰ
ਤੇਰਾ ਨਹੀਂ ਮਿਲਿਆ
ਮੇਰੇ ਝੱਲਾਂ ਦੀ ਅੱਖ ਖੁੱਲ੍ਹੀ
ਜ਼ਮਾਨੇ ਦੇ ਨਗਰ ਆ ਕੇ
ਨਾਂ ਤੇਰੇ ਨਾਲ਼ ਨਾਂ ਮੇਰਾ
ਲਿਆ ਜਾਂਦਾ ਸੀ ਕੁੱਝ ਏਦਾਂ
ਜਿਵੇਂ ਕੋਈ ਧਰ ਦੋਵੇਂ ਰੇਸ਼ਮ ਦੇ ਉੱਤੇ
ਕੋਹਜੀਆਂ ਲੀਰਾਂ
ਮੈਂ ਕਿਸੇ ਮਿੱਲਾਂ ‘ਚ ਰੁਲਦੇ
ਬਾਪ ਦੀ ਰੂਹ ਹਾਂ
ਮੈਂ ਕਿਸੇ ਲੀਰਾਂ ‘ਚ ਉਲਝੀ
ਮਾਂ ਦਾ ਦਿਲ ਹਾਂ
ਕਿਸ ਤਰ੍ਹਾਂ ਤੂੰ ਜਰ ਲਈ ਹੋਵੇਗੀ
ਇਹ ਚਰਚਾ
ਨੀਂਦ ਵੀ ਨੈਣਾਂ ‘ਚ ਪਈ ਹੋਣੀ ਨਹੀਂ ਤੈਨੂੰ
ਅਚਾਨਕ ਬੁੱਲਿਆਂ ਤੇ
ਖੜਕਦੇ ਹੋਵਣਗੇ ਜਦ ਪੱਤੇ
ਤਾਂ ਤੈਨੂੰ ਜਾਪਦਾ ਹੋਣੈ
ਜੀਕਣ ਹਸ ਰਹੇ ਲੋਕੀ
ਇਕੇਰਾਂ ਨਾ ਮਿਲਣ ਉਤੇ
ਭਰ ਗਏ ਸਨ ਨੈਣ ਜੋ ਤੇਰੇ
ਅਜ ਉਹ ਵੇਖਦੇ ਹੋਵਣਗੇ
ਮਿਲ ਜਾਵਾਂ ਨਾ ਮੈਂ ਕਿਧਰੇ
ਚੁੰਮ ਜਾਂਦੇ ਨੇ
ਜੋ ਅੰਗਾਰੇ ਤੇਰੇ ਦਿਲ ਨੂੰ
ਨਹੀਂ ਵੇਖਾਂਗਾ ਰਾਹ ਫਿਰ ਮੈਂ
ਆਬਰੂ ਤੇਰੀ ਦੇ ਕੰਬ ਜਾਂਦੇ ਨੇ ਜੋ ਪੱਲੂ
ਨਹੀਂ ਬਾਲਾਂਗਾ ਫਿਰ ਦੀਵੇ
ਨਹੀਂ ਦੇਖਾਂਗਾ ਰਾਹ ਤੇਰੇ…
ਮੈਨੂੰ ਪਿਆਰ ਕਰਦੀਏ
ਪਰ-ਜਾਤ ਕੁੜੀਏ
ਸਾਡੇ ਸਕੇ ਮੁਰਦੇ ਵੀ
ਇਕ ਥਾਂ ਤੇ ਨਹੀਂ ਜਲਾਉਂਦੇ
ਸ਼ਕਤੀ
ਲੋਕ ਮਾਰੇ ਮਾਰੇ ਫਿਰਦੇ ਹਨ
ਹੈਂ ਜੀ ਹੈਂ ਜੀ ਕਰਦੇ ਹਨ
ਹਨੇਰੀਆਂ ਨੁੱਕਰਾਂ ‘ਚ ਬਹਿੰਦੇ ਹਨ
ਉਨਾਂ ਨੂੰ ਦੱਸਿਆ ਜਾਂਦਾ ਹੈ
ਕਿ ਉਹ ਦੇਵਤੇ ਦੇ ਪੈਰ ‘ਚੋਂ ਜੰਮਦੇ ਨੇ
ਸ਼ਕਤੀ ਮਾਰੀ ਮਾਰੀ ਫਿਰਦੀ ਹੈ
ਅੱਖਾਂ ਤੋਂ ਮੱਖੀਆਂ ਝੱਲਦੀ ਹੈ
ਨੀਵੀਂ ਪਾ ਪਾ ਤੁਰਦੀ ਹੈ
ਸ਼ਕਤੀ ਆਪਣੇ ਡੌਲਿਆਂ ਨੂੰ
ਲੱਤਾਂ ਨੂੰ
ਕੰਮ ਦੇ ਸੰਦ ਸਮਝਦੀ ਹੈ
ਏਦੂੰ ਵੱਧ ਕੁਝ ਨਹੀਂ
ਉਨਾਂ ਤੋਂ ਲੁਕਾਇਆ ਜਾਂਦੈ
ਕਿ ਉਹ ਸਭ ਦਰਾਵੜ ਸਨ।
ਅਸੀਂ ਵੱਡੇ ਵੱਡੇ ਪਹਿਲਵਾਨ
ਅਸੀਂ ਵੱਡੇ ਵੱਡੇ ਪਹਿਲਵਾਨ
ਸਵੇਰੇ ਹੀ ਕਸ ਲੈਂਦੇ ਹਾਂ ਲੰਗੋਟੇ
ਲੜਨ ਲਈ ਭੁਖ ਨੰਗ ਨਾਲ
ਜੋੜ ਤੋੜ ਜੋੜ ਤੋੜ ਕਰਦੇ ਰਹਿਣਾ ਸਾਰੀ ਕਸਰਤ ਹੈ।
ਦਾਅ ਬਹੁਤ ਡਾਢੇ ਨੇ
ਬੋਲਣ ਦੀ ਥਾਂ ਚੁੱਪ ਕਰ ਜਾਣਾ
ਪੀਣ ਦੀ ਥਾਂ ਪਿਆਸੇ ਮਰ ਜਾਣਾ
ਖਾਣ ਦੀ ਥਾਂ ਕਸਮ ਖਾਣੀ ਲੜਦੇ ਰਹਿਣ ਦੀ।
ਪਛਾੜਦੇ ਹਾਂ ਵੱਡੇ ਵੱਡੇ ਪਹਿਲਵਾਨ
ਗਰਦਣ ਤੇ ਗੋਡਾ ਧਰਕੇ
ਖੇਤ ਪਏ ਗਧੇ ਵਾਲੀ ਜੂਨ ਭੁਗਤਦੇ ਹਾਂ
ਪਰ ਤਾਂ ਵੀ ਅਸੀਂ ਵੱਡੇ ਵੱਡੇ ਪਹਿਲਵਾਨ
ਸਵੇਰੇ ਹੀ ਕਸ ਲੈਂਦੇ ਹਾਂ ਲੰਗੋਟੇ।