ਫ਼ਜ਼ੂਲੀ ਗੇੜ ‘ਚੋਂ ਨਿਕਲਣ ਦਾ ਸੁਪਨਾ ਆਉਣ ਲੱਗਾ ਹੈ
ਮੇਰੀ ਧਰਤੀ ਨੂੰ ਹੁਣ ਨੀਂਦਰ ਦਾ ਝੂਟਾ ਆਉਣ ਲੱਗਾ ਹੈ

ਇਹ ਅਗਲੀ ਨਸਲ ਦੀ ਗੱਡੀ ਹੈ ਕਿਹੜੀ ਲਾਈਨ ਦੇ ਉੱਤੇ
ਕਿ ਬਚਪਨ ਬਾਅਦ ਸਿੱਧਾ ਹੀ ਬੁਢਾਪਾ ਆਉਣ ਲੱਗਾ ਹੈ

ਮੁਹੱਬਤ ਹੁਣ ਘੁਟਨ ਦੇ ਮੌਸਮਾਂ ਦੀ ਮਾਰ ਦੇ ਹੇਠਾਂ
ਬਾਜ਼ਾਰਾਂ ਵਿੱਚ ਗੁਲਾਬਾਂ ਨਾਲ ਗਮਲਾ ਆਉਣ ਲੱਗਾ ਹੈ

ਨਵੇਂ ਇਸ਼ਕੇ ‘ਚ ਮੇਰੀ ਮੌਤ ਮੇਰੇ ਸਾਹਮਣੇ ਬਿਲਕੁਲ
ਪੁਰਾਣਾ ਸੀਨ ਨਾਟਕ ਵਿੱਚ ਦੁਬਾਰਾ ਆਉਣ ਲੱਗਾ ਹੈ

ਮੈਨੂੰ ਦੱਸੋ ਮੈਂ ਆਪਣੇ ਆਪ ਤੋਂ ਕਿੱਥੇ ਲੁਕਾਂ ਜਾ ਕੇ
ਮੇਰੇ ਸ਼ੀਸ਼ੇ ‘ਚ ਇੱਕ ਕਾਤਲ ਦਾ ਚਿਹਰਾ ਆਉਣ ਲੱਗਾ ਹੈ

ਹੋਣੀ ਅਣਹੋਣੀ ਦਾ ਕੁਝ ਝਗੜਾ ਨਾ ਕਰ ਅਜੇ
ਰੁੱਖਾਂ ਦੇ ਵਾਂਗ ਸਬਰ ਕਰ, ਸ਼ਿਕਵਾ ਨਾ ਕਰ ਅਜੇ

ਉਸਦੇ ਖ਼ਤਾਂ ਦੀ ਜ਼ਹਿਰ ਨਾ ਪਾਣੀ ਦੇ ਵਿੱਚ ਸੁੱਟ
ਸੁੱਤਾ ਪਿਆ ਦਰਿਆ ਕਿ ਤੂੰ ਧੋਖਾ ਨਾ ਕਰ ਅਜੇ

ਬਰਸਾਤ ਹੈ , ਪਗਡੰਡੀਆਂ ਤੋਂ ਪੈਰ ਤਿਲ਼ਕਣੇ
ਇਹ ਜੰਗਲ਼ਾਂ ਵਿਚਾਲ਼ਦੀ ਰਸਤਾ ਨਾ ਕਰ ਅਜੇ

ਸੀਨੇ ‘ਚ ਸੁਲਗਦਾ ਹੈ ਲੱਖਾਂ ਸੂਰਜਾਂ ਦਾ ਸੇਕ
ਅੱਖਾਂ ਦੇ ਸਾਵ੍ਹੇਂ ਚੰਨ ਦਾ ਟੁਕੜਾ ਨਾ ਕਰ ਅਜੇ

ਕਮਰੇ ਦੀ ਇਹ ਗਲੋਬ ਨਾ ਹੱਥਾਂ ਚ ਇਉਂ ਘੁਮਾ
ਐ ਦੋਸਤ, ਮੇਰੀ ਦੁਨੀਆ ਨੂੰ ਛੋਟਾ ਨਾ ਕਰ ਅਜੇ

ਤੇਰੇ ‘ਚ ਰਹਿਣ ਵਾਲ਼ੇ ਕਿਤੇ ਡੁੱਬ ਹੀ ਨਾ ਜਾਣ
‘ਸੁਖਦੀਪ’ ਆਪਣੇ ਆਪ ਨੂੰ ਗਹਿਰਾ ਨਾ ਕਰ ਅਜੇ

ਧਰਤੀ ਵੀ ਥਿਰ ਨਾ, ਡੋਲਦਾ ਫਿਰਦਾ ਹੈ ਆਸਮਾਨ
ਔਖੇ ਬੜੇ ਨੇ ਬਣ ਕੇ ਇਹ ਇੱਕ ਦੂਸਰੇ ਦੀ ਜਾਨ

ਇਸ਼ਕੇ ਦੇ ਨਾਂ ‘ਤੇ ਦੇਖੋ ਇੱਕ ਜ਼ਹਿਨੀ ਮਰੀਜ਼ ਨੇ
ਤਿਤਲੀ ਨੂੰ ਕੈਦ ਕਰ ਲਿਆ ਸ਼ੀਸ਼ੇ ਦੇ ਮਰਤਬਾਨ

ਕੀੜੀ ਦੀ ਪੈੜ-ਚਾਲ ਤੋਂ ਉੱਡਦੇ ਉਕਾਬ ਤੱਕ
ਧਰਤੀ ਜੇ ਤੁਰ ਰਹੀ ਹੈ ਤਾਂ ਸਭ ਦਾ ਹੈ ਯੋਗਦਾਨ

ਇਸ਼ਕੇ ਦਾ ਇਹ ਹਿਸਾਬ ਵੀ ਘਾਟੇ ‘ਚ ਲੈ ਗਿਆ
ਅੱਧੀ ਕੁ ਧਰਤੀ ਬਚ ਗਈ ਅੱਧਾ ਕੁ ਆਸਮਾਨ

ਸਭ ਦੀ ਅਲੱਗ ਜੇਲ੍ਹ ਹੈ ਤੇ ਕੈਦ ਵੱਖ ਵੱਖ
ਕਮਰੇ ਕਹਾਂ ਜਾਂ ਘਰ ਕਹਾਂ ਜਾਂ ਇੱਕ ਕਬਰਸਤਾਨ

ਮਾਂ -ਬਾਪ, ਘਰ, ਮਹਿਬੂਬ, ਇੱਕ ਦਫ਼ਤਰ ਅਤੇ ਫਲੈਟ
ਹਿੱਸਿਆਂ ਦੇ ਅੰਦਰ ਵਟ ਗਈ ਛੋਟੀ ਜ੍ਹੀ ਇੱਕ ਜਾਨ

ਤੜਕੇ ਤੜਕੇ ਇੱਕ ਘਟਨਾ ਮੰਦਭਾਗੀ ਹੋ ਗਈ
ਧੁੱਪ ਜਦ ਮੋਰੀ ‘ਚੋਂ ਲੰਘੀ ਸੀ ਤਾਂ ਜ਼ਖ਼ਮੀ ਹੋ ਗਈ

ਹਾਦਸੇ ਤਾਂ ਹੁਣ ਵੀ ਦਿਲ ‘ਤੇ ਗੁਜ਼ਰਦੇ ਨੇ ਰੇਲ ਵਾਂਗ
ਪਰ ਅਸਾਡੇ ਜਿਸਮ ਦੀ ਧਰਤੀ ਹੀ ਗੂੰਗੀ ਹੋ ਗਈ

ਕਰ ਲਈਦੇ ਸ਼ਾਮ ਨੂੰ ਸਭ ਕਿਸ਼ਤੀਆਂ ਦੇ ਦੁੱਖ ਸੁੱਖ
ਇੱਕ ਦਰਿਆ ਨਾਲ ਅੱਜਕਲ ਗੱਲ ਸਿੱਧੀ ਹੋ ਗਈ

ਪੈਰੀਂ ਹੈ ਅੰਬਰ ਮੇਰੇ ਸਿਰ ‘ਤੇ ਸਮੁੰਦਰ ਲਟਕਦੇ
ਇਸ਼ਕ ਦਾ ਚੱਕਰ ਹੈ ਜਾਂ ਧਰਤੀ ਹੀ ਪੁੱਠੀ ਹੋ ਗਈ

ਆਖ਼ਿਰੀ ਇੱਕ ਮੋੜ ਤੇ ਦੋਨਾਂ ਦੇ ਮੋਢੇ ਭਿੜ ਗਏ
ਮੈਂ ਬੜਾ ਬਚਿਆ ਮੁਹੱਬਤ ਦੇਖੋ ਫਿਰ ਵੀ ਹੋ ਗਈ

Share:

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।