
ਗ਼ਜ਼ਲ
ਭੀੜਾਂ ਤੋਂ ਬੜੀ ਦੂਰ ਹਾਂ,ਲੁਕਿਆ ਹਾਂ, ਗੁਪਤ ਹਾਂ
ਦੁਨੀਆ ਲਈ ਨਾਯਾਬ ਪਰ ਤੇਰੇ ਲਈ ਮੁਫ਼ਤ ਹਾਂ
ਹੈ ਸ਼ੁਕਰ ਅੰਨ੍ਹੀ ਦੌੜ ਵਿੱਚ ਸ਼ਾਮਲ ਨਹੀਂ ਹਾਂ ਮੈਂ
ਬੁਖਲਾਈ ਹੋਈ ਭੀੜ੍ਹ ਤੋਂ ਚੰਗਾ ਹੈ ਸੁਸਤ ਹਾਂ
ਇੱਕੋ ਤੇਰੇ ਅਹਿਸਾਨ ਤੋਂ ਕੁੱਲ ਖ਼ਾਬ ਵਾਰ ਕੇ
ਭਾਵੇਂ ਕੰਗਾਲ ਹੋ ਗਿਆਂ ਪਰ ਕਰਜ਼ ਮੁਕਤ ਹਾਂ
ਅੱਖਾਂ ਦਾ ਨਹੀਂ ਦੋਸ਼,ਚਸ਼ਮਿਆਂ ਚ ਫ਼ਰਕ ਹੈ
ਅਪਣੀ ਥਾਂ ਉਹ ਵੀ ਗ਼ਲਤ ਨਈਂ ਮੈਂ ਵੀ ਦਰੁਸਤ ਹਾਂ
ਤਿੜਕਣ ਤੇ ਆ ਗਿਆ ਹਾਂ ਮੈਂ ਖ਼ੁਦ ਨੂੰ ਤਰਾਸ਼ਦਾ
ਹਾਲੇ ਵੀ ਪਰ ਤੇਰੀ ਨਜ਼ਰ ਵਿੱਚ ਦੋਸ਼ਯੁਕਤ ਹਾਂ
ਪੁੱਛਦੇ ਸੀ ਯਾਰ ‘ਦੀਪ’ ਨੂੰ ਜਗਦੈਂ ਜਾਂ ਬੁਝ ਗਿਆ
ਹਾਜ਼ਿਰ ਹਾਂ ਗ਼ਜ਼ਲ ਨਾਲ ਮੈਂ ਤੇ ਤੰਦਰੁਸਤ ਹਾਂ
ਤ੍ਰੇਹ ਦਾ ਸੁਆਦ ਫਿੱਕਾ ਕਰ ਗਈ ਹੈ
ਇਹ ਬੱਦਲੀ ਬਹੁਤ ਛੇਤੀ ਵਰ੍ਹ ਗਈ ਹੈ
ਸਿਤਾਰੇ ਆਪਣੀ ਚੁੰਨੀ ਤੋਂ ਲਾਹ ਕੇ
ਉਹ ਮੇਰੇ ਅੰਬਰਾਂ ਤੇ ਧਰ ਗਈ ਹੈ
ਜਦੋਂ ਦੇ ਬੰਦ ਹੋਏ ਨੇ ਦਿਲਾਸੇ
ਉਦੋਂ ਦੀ ਪੀੜ ਵੀ ਆਠਰ ਗਈ ਹੈ
ਘਰੇ ਉਹ ਨਾਲ਼ ਲੈ ਆਈ ਸੀ ਦਫ਼ਤਰ
ਤੇ ਘਰ ਨੂੰ ਨਾਲ਼ ਲੈ ਦਫ਼ਤਰ ਗਈ ਹੈ
ਰੁਕੀ ਸੀ ਮੇਰੇ ਦਿਲ ਵਿਚ ਚਾਰ ਕੁ ਦਿਨ
ਯੁਗਾਂ ਦੀ ਗਰਦ ਨੂੰ ਸੁੰਭਰ ਗਈ ਹੈ
ਮਹਿਜ਼ ਇੱਕੋ ਹੀ ਹੰਝੂ ਡਿੱਗਿਆ ਸੀ
ਤੇ ਪੱਥਰ ਦੀ ਸ਼ਿਲਾ ਪੰਘਰ ਗਈ ਹੈ
ਉਹਨੂੰ ਰਾਸ ਆ ਗਿਐ ਜਿੱਦਾਂ ਵਿਛੜਨਾ
ਮੈਂ ਸੁਣਿਐ ਹੋਰ ਵੀ ਨਿੱਖਰ ਗਈ ਹੈ
ਖਿਡੌਣੇ ਵਾਂਗ ਪੰਛੀ ਨੂੰ ਉਡਾਇਆ ਜਾ ਰਿਹਾ ਹੈ
ਸਗਲ ਆਕਾਸ਼ ਹੀ ਪਿੰਜਰਾ ਬਣਾਇਆ ਜਾ ਰਿਹਾ ਹੈ
ਜਸ਼ਨ ਦੇ ਨਾਮ ਉੱਤੇ ਸ਼ੋਰ ਪਾਇਆ ਜਾ ਰਿਹਾ ਹੈ
ਬਹਾਨੇ ਨਾਲ ਚੀਕਾਂ ਨੂੰ ਦਬਾਇਆ ਜਾ ਰਿਹਾ ਹੈ
ਜਿਦ੍ਹੇ ਵਿੱਚੋਂ ਸਿਆਹ ਮੌਸਮ ਵੀ ਦਿਸਦੇ ਨੇ ਸੁਹਾਣੇ
ਨਜ਼ਰ ਮੇਰੀ ਨੂੰ ਉਹ ਚਸ਼ਮਾ ਲਗਾਇਆ ਜਾ ਰਿਹਾ ਹੈ
ਜੇ ਅੰਨ੍ਹੀ ਦੋੜ ਚੋੰ ਪਲ ਭਰ ਕੋਈ ਸਾਹ ਲੈਣ ਲੱਗਦੈ
ਉਹਨੂੰ ਲੱਗਦਾ ਹੈ ਮੇਰਾ ਵਕਤ ਜ਼ਾਇਆ ਜਾ ਰਿਹਾ ਹੈ
ਉਨ੍ਹਾਂ ਨੂੰ ਸੁਆਲ ਜੇ ਕਰੀਏ ਤਾਂ ਏਦਾਂ ਤੜਪ ਉੱਠਣ
ਨਿਆਣੇ ਨੂੰ ਜਿਵੇਂ ਟੀਕਾ ਲਗਾਇਆ ਜਾ ਰਿਹਾ ਹੈ
ਅਸਾਡੀ ਫੋਜ ਸਾਡੇ ਤੇ ਚੜ੍ਹਾ ਦਿੱਤੀ ਗਈ ਹੈ
ਨਿਸ਼ਾਨੇ ਕਈ ਤੇ ਤੀਰ ਇੱਕੋ ਚਲਾਇਆ ਜਾ ਰਿਹਾ ਹੈ
ਜਦੋਂ ਬਨਵਾਸ ਮਿਲਿਆ ਸੀ ਤਾਂ ਘਰ ਛੱਡਣਾ ਕਠਿਨ ਸੀ
ਤੇ ਹੁਣ ਮੁੱਕੇ ਤੋੰ ਵਾਪਸ ਘਰ ਨਾ ਜਾਇਆ ਜਾ ਰਿਹਾ ਹੈ
ਨਵਾਜ਼ਿਸ਼ ਹੈ ਜਾਂ ਸਾਜ਼ਿਸ਼ ਹੋ ਰਹੀ ਹੈ
ਅਚਾਨਕ ਮੋਹ ਦੀ ਬਾਰਿਸ਼ ਹੋ ਰਹੀ ਹੈ
ਤੇਰੀ ਦਿੱਤੀ ਹੋਈ ਇਹ ਖੁੱਲ੍ਹ ਹੀ ਤਾਂ
ਮੇਰੇ ਰਾਹਾਂ ਦੀ ਬੰਦਿਸ਼ ਹੋ ਰਹੀ ਹੈ
ਸਿਆਸਤ ਨੂੰ ਨਵਾਂ ਹਥਿਆਰ ਮਿਲਿਐ
ਸਿਰਾਂ ਤੇ ਆਜ਼ਮਾਇਸ਼ ਹੋ ਰਹੀ ਹੈ
ਨਗਰ ਸਾਰੇ ‘ਚ ਤਾਂ ਸੋਕਾ ਪਿਆ ਹੈ
ਤੇ ਕੁਝ ਛੱਤਾਂ ਤੇ ਬਾਰਿਸ਼ ਹੋ ਰਹੀ ਹੈ
ਅਸਾਡੇ ਅੰਬਰਾਂ ਚੋਂ ਤੋੜ ਤਾਰੇ
ਤੇਰੇ ਮਹਿਲੀਂ ਨੁਮਾਇਸ਼ ਹੋ ਰਹੀ ਹੈ
ਕਰੋ ਰਾਜੇ ਦੀ ਜੈ ਜੈ ਕਾਰ ਸਾਰੇ
ਗਲ਼ੋਂ ਫੜ ਕੇ ਗ਼ੁਜ਼ਾਰਿਸ਼ ਹੋ ਰਹੀ ਹੈ
ਹਿਜਰ ਤੇਰੇ ਦਿਆਂ ਯਖ ਮੌਸਮਾਂ ਵਿੱਚ
ਮੁਹੱਬਤ ਹੈ ਕਿ ਆਤਿਸ਼ ਹੋ ਰਹੀ ਹੈ
ਸਫ਼ਰ ਅੱਧੇ ਤੋਂ ਜ਼ਿਆਦਾ ਬੀਤ ਚੁੱਕੈ
ਜ਼ਰਾ ਠਹਿਰਣ ਦੀ ਖ਼ਾਹਿਸ਼ ਹੋ ਰਹੀ ਹੈ