1. ਪਤਾ —ਰਣਧੀਰ

ਮੇਰੇ ਕੋਲ
‘ਪਤਾ’ ਹੈ…
ਜ਼ਿਹਨ ‘ਚ ਉੱਕਰਿਆ

ਮੈਂ ਲੱਖ ਚਾਹੁੰਨਾਂ
ਗੁਆਚਣਾ
ਕਮਬਖ਼ਤ…… ਪਤਾ
ਗੁੰਮਣ ਨਹੀਂ ਦਿੰਦਾ ਕਿਤੇ!!

2 ਅੰਦਰ ਗੁਆਚੇ

ਇੱਕ ਸਵੇਰ
ਘਰੋਂ ਨਿਕਲਿਆ
ਪਤਾ ਨਹੀਂ ਕਿਵੇਂ
ਕਿਧਰੇ ਗੁਆਚ ਗਿਆ

ਗੁਆਚ ਜਾਣ ਦੀ ਸਥਿਤੀ
ਹੁੰਦੀ ਹੈ ਬਹੁਤ ਅਜੀਬ
ਖ਼ੁਦ ਦੀ ਆਵਾਜ਼ ਵੀ ਨਹੀਂ ਸੁਣਦੀ
ਫੁੱਲੇ ਹੱਥ ਪੈਰ ਵੀ ਨਹੀਂ ਦਿਸਦੇ

ਜਿਵੇਂ
ਘਰ ਅੰਦਰ ਗੁਆਚ ਬੈਠਦੇ ਹਾਂ
ਕੋਈ ਚੀਜ਼
ਸਾਹਮਣੇ ਪਈ ਵੀ-ਨਹੀਂ ਦਿਸਦੀ
ਆਵਾਜ਼ਾਂ ਮਾਰਦੇ ਹਾਂ-ਨਹੀਂ ਬੋਲਦੀ

ਸਿਰ ਪਟਕਦਾ ਬੰਦਾ
ਕੂਕਦਾ
ਕਿਵੇਂ?
ਕਿਥੇ?
ਐਵੇਂ ਕਿਵੇਂ??? ਗੁਆਚ ਗਈ

ਸੋਚਦਾਂ
ਕਾਸ਼!! ਇਹਦੇ ਜੀਭ ਹੁੰਦੀ
ਇਹ ਵੀ ਬੋਲ ਸਕਦੀ

ਪਰ…
ਗੁਆਚ ਗਈ ਚੀਜ਼
ਕਦ ਬੋਲਦੀ
ਕਦ ਸੁਣਦੀ

ਭਰੇ ਬਾਜ਼ਾਰ ‘ਚ
ਆਪਣੇ ਅੰਗ ਟਟੋਲਦਾਂ
ਅੱਖਾਂ ਭਾਲਦਾਂ
ਉੱਚੇ ਚਬੂਤਰੇ ਤੇ ਚੜ੍ਹ
ਆਵਾਜ਼ਾਂ ਮਾਰਦਾਂ
ਆਵਾਜ਼ ਅੰਦਰ ਕਿਤੇ
ਖਲਾਅ ਚ ਉੱਤਰ ਜਾਂਦੀ

ਸਿਰ ਪਟਕਦਾਂ
ਰੁੱਕੇ ਮਾਰਦਾਂ

ਪਤਾ ਨਹੀਂ
ਗੁਆਚੀ ਚੀਜ਼ ਕਿਉਂ ਨਹੀਂ ਬੋਲਦੀ??
ਕਿਉਂ ਨਹੀਂ ਸੁਣਦੀ???

3. ਤੈਨੂੰ ਪਤਾ

ਤੈਨੂੰ ਪਤਾ
ਬਹੁਤ ਵਰ੍ਹੇ ਪਹਿਲਾਂ
ਮੈਂ ਤੇ ਤੂੰ
ਸ਼ਾਇਦ ‘ਤੂੰ’ ਤੇ ‘ਮੈਂ’
ਏਸ ਗਲੀ ਮਹੁੱਲੇ ‘ਚੋਂ ਗੁਜ਼ਰੇ ਸੀ

ਤੈਨੂੰ ਸਭ ਪਤਾ
ਕਿੰਨਾ ਔਖਾ ਹੈ ਓਪਰੀ ਜੂਹ ‘ਚ
ਆਪਣੀ ਰੂਹ ਨਾਲ ਤੁਰ ਸਕਣਾ
ਤੇ ਅੰਦਰਲੇ ਬੋਝ ਨਾਲ਼ ਪਿਚਕ ਜਾਣਾ

ਕਿੰਨਾ ਔਖਾ ਯਾਰ!!!
ਆਪਣੇ ਪੈਰਾਂ ‘ਤੇ ਦੂਜਿਆਂ ਦਾ ਭਾਰ ਚੁੱਕਣਾ
ਖ਼ੁਦ ਦੇ ਪਰਛਾਵਿਆਂ ਤੋ ਖ਼ੌਫ ਖਾ
ਤ੍ਰਭਕ ਜਾਣਾ
ਤੇ ਭਾਲ਼ਦੇ ਰਹਿਣਾ
ਅੰਦਰ ਗੁਆਚੀ ਕਿਸੇ ਸ਼ੈਅ ਨੂੰ ਬਾਹਰ ਸਜੀਆਂ
ਅਲਮਾਰੀਆਂ ਚ
ਤੇ ਓਹਨਾਂ ਉਮਰ ਭਰ ਓਪਰਿਆ ਵਾਂਗ
ਕੀਤਾ ਹੋਵੇ ਸਫ਼ਰ
ਜਨਮ ਤੋਂ ਮੌਤ ਦਾ

ਆਪਾਂ ਵੀ ਇੰਝ ਹੀ ਕੀਤਾ ਹੋਊ
ਯਾਦ ਹੈ ਨਾ
ਮੈਂ ਤੇ ਤੂੰ
ਤੂੰ ਤੇ ਮੈਂ
ਇਥੋਂ ਕਿਤੇ ਗੁਜ਼ਰੇ ਸੀ

4 .ਕਥਾ ਦੇਸ

ਪਾਪਾ ਨੂੰ ਯਕੀਨ ਸੀ
ਉਹ ਬਚ ਜਾਵੇਗਾ
ਪਲ ਪਲ ਮਿਟ ਰਹੇ ਸੰਸਾਰ ਵਿੱਚ
ਬਚਾ ਲਵੇਗਾ ਆਪਣੇ ਜੋਗੀ
ਥੌੜੀ ਥਾਂ
ਥੌੜੇ ਬੋਲ
ਥੌੜੀਆਂ ਯਾਦਾਂ

ਉਹ ਜੋੜਦਾ ਰਿਹਾ
ਵਰ੍ਹਿਆਂ ਦੇ ਸਫ਼ਰ ਦਾ
ਪਲਾਂ ਵਿੱਚ ਹਿਸਾਬ
ਪਤਾ ਸੀ
ਸੰਸਾਰ ਸੁਫਨਾ ਹੈ
ਸੁਫਨਾ ਟੁੱਟਦਾ ਹੈ
ਟੁਟਿਆ ਮੁੜ ਨਹੀਂ ਜੁੜਦਾ

ਪਰ ਪਾਪਾ ਜੋੜਦਾ ਹੈ
ਮੋਹ ਤੰਦਾਂ
ਕਥਾਵਾਂ
ਕੁਝ ਸ਼ਿਕਾਇਤਾਂ
ਕੁਝ ਹਿਮਾਿੲਤਾਂ

ਜਾਣਦਾ
ਸਭ ਵਕਤੀ ਹੈ
ਰਿਸ਼ਤੇ
ਦੋਸਤੀਆਂ
ਦੇਹ
ਮਾਇਆ

ਜਾਣਦਿਆਂ ਵੀ
ਲਗਾਤਾਰ ਕਹਿੰਦਾ ਹੈ ਆਦਮੀ ਆਪਣੀ ਕਥਾ

ਪਾਪਾ ਕਹਿੰਦੇ —
ਦੇਹ ਮਾਇਆ ਹੈ
ਇੱਕ ਦਿਨ ਆਪਣੀ ਹੋਂਦ ਤੋਂ ਮੁਕਰ ਜਾਵੇਗੀ
ਪਰ ਕਥਾ ਅਮਰ ਹੈ
ਕਥਾ ਅਮੁੱਕ ਹੈ
ਅਥੱਕ ਹੈ
ਤੁਰ ਪਵੇਗੀ ਤਾਂ ਰੁਕੇਗੀ ਨਹੀਂ

ਪਾਪਾ ਨੂੰ ਦੇਹ ‘ਤੇ ਨਹੀਂ
ਕਥਾ ‘ਤੇ ਯਕੀਨ ਹੈ
ਜਾਣਦਾ ਸੀ ਬਚਾ ਲਵੇਗਾ ਉਹ ਖ਼ੁਦ ਨੂੰ
ਪਲ ਭਰ ਦੀ ਕਥਾ ਨਾਲ

Share:

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।