ਦੁਨੀਆ
ਮੈਂ ਤੇਰੇ ਚ ਛਾਲ ਮਾਰੀ
ਅੱਖਾਂ ਬੰਦ ਕਰਕੇ
ਤਲ ਨਾਲ ਟਕਰਾਕੇ
ਉਪਰ ਆ ਗਿਆ
ਮੇਰਾ ਤਾਂ ਬੱਸ
ਐਨਾ ਹੀ ਮਹਾਂਭਾਰਤ ਹੈ
ਦੇਖ ਮੈਂ ਕਿੰਨਾ ਸੰਖੇਪ ਹਾਂ
ਉਪਰੋਂ ਤੂੰ ਬਹੁਤ ਸਾਦੀ
ਅੰਦਰੋਂ ਬਹੁਤ ਗਹਿਰੀ
ਜਿਵੇਂ ਸਮੁੰਦਰ ਹੁੰਦਾ ਹੈ
ਕਿਸੇ ਦੇ ਮਨ ਦਾ।
ਮੈਂ ਨੀਚੇ ਜਾ ਰਿਹਾ ਸਾਂ
ਅੱਖਾਂ ਬੰਦ ਕਰਕੇ
ਲਗਦਾ ਸੀ ਉਪਰ ਉਠ ਰਿਹਾ ਹਾਂ
ਉਡ ਰਿਹਾ ਹਾਂ
ਥੱਲੇ ਵੱਲ
ਬੰਦ ਅੱਖਾਂ ਨਾਲ ਕੋਈ
ਮਨਚਾਹੇ ਦ੍ਰਿਸ਼ ਦੇਖ ਸਕਦਾ ਹੈ
ਗਿਆਨ ਪ੍ਰਾਪਤੀ ਦਾ ਮਤਲਬ
ਜੀਵਨ ਦੇ ਤਲ ਨਾਲ
ਸਿਰ ਵੱਜਣਾ ਹੁੰਦਾ ਹੈ
ਇਹ ਮੈਨੂੰ ਪਤਾ ਨਹੀਂ ਸੀ
ਤਲ ਇਹ ਐਨਾ ਠੋਸ ਹੈ
ਮੈਨੂੰ ਪਤਾ ਨਹੀਂ ਸੀ
ਤੇ ਮਨਾਂ ਦੇ ਵੀ ਤਲ ਹੁੰਦੇ ਹਨ
ਇਹ ਵੀ ਮੈਨੂੰ ਪਤਾ ਨਹੀਂ ਸੀ
ਮੈਂ ਤੇਰੇ ਤਲ ਨੂੰ ਸਿਰ ਮਾਰਿਆ ਹੈ
ਮੈਂ ਵੀ ਕੈਸਾ ਖੋਜੀ ਹਾਂ
ਤਲ ਨਾਲ ਸਿਰ ਵੱਜਣ ਤੋ
ਉਪਰ ਕੰਢੇ ਤੱਕ ਆਉਣ ਦਾ ਸਫਰ
ਜ਼ਿਆਦਾ ਭਿਆਨਕ ਹੈ
ਅੰਦਰ ਤੇਰਾ
ਬਿਲਕੁਲ ਪੁਰਾਣੇ ਕਿਲੇ ਵਰਗਾ ਹੈ
ਜਾਲੇ ਹੀ ਜਾਲੇ
ਕਮਰੇ ਹੀ ਕਮਰੇ
ਗੁਪਤ ਤਹਿਖਾਨੇ
ਰਿਸ਼ਤਿਆਂ ਦੀਆਂ ਬੰਦ ਅਲਮਾਰੀਆਂ
ਕਿੰਨਾ ਕੁੱਝ ਹੀ
ਮਨ ਦੇ ਸਮੁੰਦਰ ਵਿੱਚ ਤੈਰ ਰਿਹਾ ਸੀ
ਰਿਸ਼ਤੇ
ਜਾਲਿਆਂ ਵਾਂਗ ਲਟਕ ਰਹੇ ਸਨ
ਚਿਹਰੇ ਕਿੰਨੇ ਹੀ
ਪੁਰਾਣੀਆਂ ਫਰੇਮਾਂ ਚ ਜੜੇ ਸਨ
ਬੰਦੇ ਜੋ ਬੀਤ ਗਏ
ਉਨ੍ਹਾਂ ਦੇ ਭੂਤ ਘੁੰਮ ਰਹੇ ਸਨ
ਜੋ ਵੀ ਰਹਿ ਗਏ
ਇਸ ਕਿਲ੍ਹੇ ਵਿੱਚ
ਉਨ੍ਹਾਂ ਸਭ ਦੀਆਂ ਪੈੜਾਂ
ਨਿਸ਼ਾਨ
ਜਗ੍ਹਾ ਜਗ੍ਹਾ ਭਿਣਕ ਰਹੇ ਸਨ
ਸ਼ਬਦਾਂ ਤੇ ਚਿਹਰਿਆਂ ਦਾ
ਅੰਦਰਲਾ ਪਾਸਾ ਦਿਸਦਾ ਸੀ
ਮਨ ਤੇਰਾ ਇਸ ਤਰਾਂ ਹੈ
ਜਿਵੇਂ ਸਮੁੰਦਰ ਵਿੱਚ
ਮੱਛੀਆਂ ਦੀ ਸੰਖਿਆ
ਬਹੁਤ ਵਧ ਗਈ ਹੋਵੇ
ਭੀੜ ਹੀ ਭੀੜ
ਖਿਆਲਾਂ ਦੀ
ਬੰਦਿਆਂ ਦੀ
ਪ੍ਰਭਾਵਾਂ ਦੀ
ਜੀਵਨ ਸਾਰੇ ਦਾ ਸਾਰਾ
ਥੱਲੇ ਹੈ ਸਤਹਿ ਦੇ
ਉਪਰ ਸਿਰਫ ਚਿਹਰੇ ਹਨ
ਸ਼ਬਦ ਹਨ
ਇਮਾਰਤਾਂ ਹਨ
ਕੰਢੇ ਤੇ ਬੈਠਾ
ਹੁਣ ਮੈਂ ਸੋਚ ਰਿਹਾਂ
ਦੁਨੀਆ ਕਿੰਨੀ ਛੋਟੀ ਹੈ
ਬੰਦੇ ਦੇ ਮਨ ਜਿੰਨੀ
ਮਨ ਦੀ ਟੁਭੀ ਮਾਰਕੇ
ਤੁਸੀਂ ਦੁਨੀਆ ਦਾ ਤਲ ਵੇਖ ਸਕਦੇ ਹੋ
ਮਨ ਦੀ ਤਾਰ
ਇਹ ਦਰਦ
ਮੇਰੇ ਮਨ ਦੀ ਕੱਸੀ ਹੋਈ ਤਾਰ ਹੈ
ਇਸ ਚੋਂ ਸੁਰ ਨਿਕਲਦੇ ਹਨ
ਸਤਰੰਗੇ
ਇਹ ਜੋ ਖਿੱਚ ਹੈ
ਅਦਿੱਖ
ਅਬੁੱਝ
ਧੂਹ ਜਿਹੀ
ਇਸੇ ਨੇ ਮੈਨੂੰ ਸੁਰ ਚ ਰੱਖਿਆ ਹੈ
ਮੈਂ ਵੱਜਦਾ ਹਾਂ
ਇਸੇ ਦਰਦ ਨਾਲ
ਇਸੇ ਨਾਲ ਸਿਤਾਰ ਵੱਜਦਾ ਹੈ
ਮੇਰੇ ਮਨ ਦੀ ਇਸ ਤਾਰ ਦਾ
ਇੱਕ ਸਿਰਾ ਅਸਮਾਨ ਵਿੱਚ ਹੈ
ਇੱਕ ਪਤਾਲ ਵਿੱਚ
ਮੈਂ ਤਾਂ
ਉਹ ਥੋੜ੍ਹੀ ਜਿਹੀ ਥਾਂ ਹਾਂ
ਜਿਥੇ ਤੇਰੀ ਉਂਗਲ ਛੁੰਹਦੀ ਹੈ
ਤੇਰੀ ਇਸ ਖਿੱਚ ਬਿਨਾਂ
ਮੈਂ ਸੁਰ ਚ ਨਹੀਂ ਆਉਂਦਾ
ਸਾਗਰ ਵੱਲ
ਸਾਰੀਆਂ ਨਦੀਆਂ
ਸਾਗਰ ਵੱਲ ਜਾਂਦੀਆਂ ਹਨ
ਸਾਰੇ ਦਰਦ ਰੱਬ ਵੱਲ
ਮੈਂ ਵਹਿਣ ਲੱਗਾ ਹਾਂ
ਜਿਵੇਂ ਕੋਈ ਨਦੀ
ਪਹਿਲੀ ਵਾਰ
ਪਹਾੜੋਂ ਉਤਰੀ ਹੋਵੇ
ਮੇਰਾ ਇਹ ਤਰਲ ਦਰਦ
ਸਾਗਰ ਤੋਂ ਉਰ੍ਹੇ
ਕਿੱਥੇ ਰੁਕੇ
ਮੁਹੱਬਤ
ਇਸ ਧਰਤੀ ਦਾ ਪਾਣੀ
ਅਸਮਾਨ ਤੋਂ ਆਇਆ
ਅਸਮਾਨ ਵੱਲ ਚਲੇ ਜਾਏਗਾ
ਕੁੱਝ ਦਰਦ
ਰਹਿ ਜਾਏਗਾ ਸੀਨੇ ਚ
ਧਰਤੀ ਹੇਠਲੇ ਪਾਣੀ ਵਾਂਗ
ਕਦੇ ਕਦੇ ਫੁੱਟੇਗਾ
ਮੈਂ ਪਿਘਲਿਆ ਬੰਦਾ
ਤੇਰੇ ਬਿਨਾਂ
ਕਿਥੇ ਰੁਕਾਂ ਮੇਰੇ ਸਾਗਰ
ਸਾਰੇ ਪਾਣੀ
ਸਾਗਰ ਕੋਲ ਹੀ ਤਾਂ ਜਾਂਦੇ ਹਨ
ਜਿਵੇਂ ਸਾਰੀ ਮੁਹੱਬਤ ਰੱਬ ਕੋਲ
ਸਾਰੇ ਦਰਦ ਅਸਮਾਨ ਕੋਲ
ਸਾਰੇ ਅੱਖਰ ਚੁਪ ਕੋਲ