
ਪੌਣਾਂ ‘ਤੇ ਹੀ ਨਾ ਤੂੰ ਦੋਸ਼ ਲਗਾਇਆ ਕਰ
ਆਪਣੇ ਹਉਕੇ ਤੋਂ ਵੀ ਦੀਪ ਬਚਾਇਆ ਕਰ ।
ਮੇਰੇ ਦਿਲ ਵਿਚ ਹਲਚਲ ਪੈਦਾ ਹੁੰਦੀ ਹੈ
ਏਨਾ ਸ਼ਾਂਤ ਜਿਹਾ ਨਾ ਹੋ ਕੇ ਆਇਆ ਕਰ ।
ਕਿਹੜੇ ਰੰਗ ਨੂੰ ਦਿਲ ਦੇ ਵਿੱਚ ਵਸਾਵਾਂ ਮੈਂ ?
ਚਿਹਰੇ ਦੇ ਨਾ ਏਨੇ ਰੰਗ ਵਟਾਇਆ ਕਰ ।
ਜਾਪੇਗਾ, ਸਭ ਕੁਝ ਹੀ ਸੁੰਦਰ ਜਾਪੇਗਾ
ਨੈਣਾ ਵਿਚ ਕੋਈ ਤਾਂ ਖਾਬ ਸਜਾਇਆ ਕਰ ।
ਜੀਵਨ ਹੈ ਇਹ, ਜੀਣ ਲਈ ਵੀ ਸੋਚ ਜ਼ਰਾ
ਮੁਕਤੀ ਬਾਰੇ ਹੀ ਨਾ ਸੋਚੀ ਜਾਇਆ ਕਰ ।
ਤੂੰ ਪੱਥਰ ਨੂੰ ਵੀ ਨਾ ਪੱਥਰ ਆਖ ਸਕੇ
ਐ ਮਨ ਏਨਾਂ ਸੂਖਮ ਨਾ ਹੋ ਜਾਇਆ ਕਰ ।
ਸ਼ੱਕ ਮੈਨੂੰ ਵੀ ਹੋਂਦ ਤਿਰੀ ਤੇ ਹੋ ਜਾਂਦੇ
ਹਰ ਵੇਲੇ ਨਾ ਆਪਣੀ ਹੋਂਦ ਜਤਾਇਆ ਕਰ ।