ਬਖ਼ਸ਼ ਦੀਆਂ ਕੁਝ ਰਚਨਾਵਾਂ

ਮਿੰਨਤਾਂ ਕਰਦੀ ਵੀਰਿਓ
ਮੇਰੇ ਮਿਰਜੇ ਨੂੰ ਨਾ ਮਾਰਿਓ
ਭਾਵੇਂ ਮੈਨੂੰ ਦੇਵੋ ਚੀਰ ਵੇ
ਜੇ ਨਾ ਭੰਨਦੀ ਕਾਨੀਆਂ
ਮਰ ਜਾਂਦੇ ਮੇਰੇ ਵੀਰ ਵੇ
ਉਹ ਵੀ ਮਰਦ ਤੇ ਉਹ ਵੀ ਮਰਦ
ਦੱਸੋ ਕਿਹਨੇ ਬਣਾਏ ਤੀਰ ਵੇ?
ਮੈਂ ਮਿਰਜ਼ੇ ਨੂੰ ਚਾਹਿਆ
ਜਿਉਂਦੇ ਰਹਿਣ ਮੇਰੇ ਵੀਰ ਵੇ
ਵੇ ਮੇਰਿਆ ਮਿਰਜ਼ਿਆ
ਮੇਰੀ ਇੱਜ਼ਤ ਹੋਈ ਲੀਰੋ ਲੀਰ ਵੇ

ਇਹ ਕੇਹਾ ਚੰਦਰਾ ਸਮਾਜ ਵੇ
ਜੋ ਝੂਠ ਵਜਾਵੇ ਸਾਜ ਵੇ
ਵੇ ਮੇਰੀਓ ਲੋਕੋ
ਕੋਈ ਦੇਵੋ ਮੈਨੂੰ ਜਵਾਬ ਵੇ

ਉਹ ਕੇਹਾ ਜੰਡ ਸੀ ਲੋਕਾ
ਕਿਉਂ ਰੱਟਦੇ ਝੂਠ ਕਥਾ ਈ ਓਏ
ਜਿਥੇ ਤਰਕਸ਼ ਸਾਹਿਬਾਂ ਟੰਗਿਆ
ਮਿਰਜੇ ਤੋਂ ਨਾ ਲੱਥਾ ਈ ਓਏ
ਮੇਰੀਆਂ ਕਬਰਾਂ ਦਿੱਤੀਆਂ ਚੀਰ ਵੇ
ਕਰ ਔਰਤ ਲੀਰੋ ਲੀਰ ਵੇ

ਮਿਰਜ਼ਾ ਮਰਦ ਤੇ ਵੀਰ ਵੀ ਮਰਦ
ਦੱਸੋ ਕਿਹਨੇ ਖਰੀਦੇ ਤੀਰ ਵੇ?
ਕਹਿੰਦੇ ਮਿਰਜਾ ਮਰਿਆ ਬਾਝ ਭਰਾਵਾਂ
ਮੈਂ ਕਿਉਂ ਮਰੀ ਹਾਜ਼ਰ_ ਨਾਜ਼ਰ ਵੀਰ ਵੇ?
ਦੱਸੋ ਕਿਹਨੇ ਵਰਤੇ ਤੀਰ ਵੇ ?
ਰੁਲ ਗਏ ਮੇਰੇ ਖਾਬ ਵੇ
ਵੇ ਮੇਰਿਓ ਲੋਕੋ
ਕੋਈ ਦੇਵੋ ਮੈਨੂੰ ਜਵਾਬ ਵੇ

2.

ਲੋਕਾ ਕ੍ਰਿਤ ਕਰੇਂਦਿਆ ਨਾਮ ਤੇਰਾ ਗੁੰਮਨਾਮ
ਲੰਮੀ ਪੀੜਾ ਵਾਰਤਾ ਤੇਰੀ ਕਿਸੇ ਨਾ ਸੁਣੀ ਆਣ

ਪੰਛੀ ਕੇਲ ਕਰੇਂਦਿਆ ਬੂਟੇ ਟਾਵੇਂ ਟਾਵੇਂ
ਪਾਣੀ ਹੋ ਗਏ ਜ਼ਹਿਰ ਵੇ ਕਿੱਥੋਂ ਲੱਭੇਂ ਘਣਛਾਵੇਂ

ਕੱਚੇ ਫੁੱਲ ਤੜੇਂਦਿਆ ਤੂੰ ਬੋਲਾ ਦੀਦੇ ਕਮਜ਼ੋਰ
ਨਾ ਕੋਈ ਤਿੱਤਲੀ ਦਿੱਸਦੀ ਨਾ ਭੌਰੇ ਦਾ ਸ਼ੋਰ

ਹਾਲੀਆ ਫਿਕਰ ਕਰੇਂਦਿਆ ਔੜਾਂ ਖਾ ਲਈ ਵੱਤ
ਕਿਦਾਂ ਹੋਣ ਗੁਜ਼ਾਰੇ ਜਾਣ ਕਮਾਈਆਂ ਘੱਤ………..

3.

ਸੀਤ ਹੋਇਆ ਲਹੂ ਪੰਘਰਾ ਕੇ ਤਾਂ ਵੇਖ
ਚਾਨਣ ਦੀ ਛੋਹ ਕਦੇ ਪਾ ਕੇ ਤਾਂ ਵੇਖ

ਝੂਠ ਸੱਚ ਨੂੰ ਦਬਾਵੇ ਬਿਨਾਂ ਹੀ ਕਸੂਰੋਂ
ਅਰਥਾਂ ਦਾ ਸੱਚ ਅਜ਼ਮਾ ਕੇ ਤਾਂ ਵੇਖ

ਛੱਤ ਥੱਲੇ ਲਾ ਕੇ ਸਾਰੇ ਰੰਗ ਭਾਲਦੈਂ
ਖੁੱਲ੍ਹੇ ਅਸਮਾਨ ਕਦੇ ਚਾ’ ਕੇ ਤਾਂ ਵੇਖ

ਤੋੜ ਦੇਣ ਦੀ ਅਦਾ ਨਹੀਉਂ ਚੰਗੀ ਹੁੰਦੀ
ਕਦੀ ਕਿਸੇ ਨਾਲ ਤੂੰ ਨਿਭਾ ਕੇ ਤਾਂ ਵੇਖ

ਬੀਤ ਗਏ ਪਲ ਕਰੇਂ ਯਾਦ ਵਾਰ ਵਾਰ
ਅੱਜ ਨੂੰ ਵੀ ਕਿਤੇ ਅਪਣਾ ਕੇ ਤਾਂ ਵੇਖ

ਕਿਣ ਕਿਣ ਹੋ ਕੇ ਤਪਸ਼ਾਂ ਨੇ ਵਰ੍ਹਦੀਆਂ
ਤਪੇ ਸੀਨਿਆਂ ਦੇ ਵਿੱਚ ਠੰਡ ਪਾ ਕੇ ਤਾਂ ਵੇਖ

ਬਾਝੋਂ ਅਕਲਾਂ ਮਰਦਾਨਗੀ ਨਿਹਾਰਦੈਂ
ਬੰਜਰ ਨੈਣੀ ਕਦੇ ਝਾਤ ਪਾ ਕੇ ਤਾਂ ਵੇਖ

ਮੇਰਾ ਦੇਸ਼ ਤੇਰਾ ਦੇਸ਼ ਵੰਡ ਹੁੰਦਾ ਨਾ ਥੱਕੇਂ
ਧਰਤੀ ਮਾਂ ਇੱਕੋ ਕਦੇ ਲੀਕਾਂ ਮਿਟਾ ਕੇ ਤਾਂ ਵੇਖ।

Share:

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।