
ਵਿਦੇਸ਼ੀ ਬੰਬ ਈਰਾਨ ਲਈ ਅਜ਼ਾਦੀ ਨਹੀਂ ਲਿਆਉਣਗੇ
ਲੇਖਕ: ਸਿਮਾ ਅਤਰੀ
ਅੰਗਰੇਜ਼ੀ ਤੋਂ ਅਨੁਵਾਦ: ਸੁਖਵੰਤ ਹੁੰਦਲ
(ਈਰਾਨੀ ਮੂਲ ਦੀ ਕੈਨੇਡੀਅਨ ਸਿਮਾ ਅਤਰੀ ਟੋਰਾਂਟੋ ਦੀ ਕਮਿਊਨਿਟੀ ਜਸਟਿਸ ਕੁਲੈਕਟਿਵ (ਸੀ ਜੇ ਸੀ) ਵਿਖੇ ਮਨੁੱਖੀ ਅਧਿਕਾਰਾਂ ਦੀ ਵਕੀਲ ਅਤੇ ਆਰਗੇਨਾਈਜਰ ਹੈ। ਇਸ ਤੋਂ ਪਹਿਲਾਂ ਉਹ ਸੇਂਟ ਲੂਇਸ, ਮਿਸੂਰੀ ਵਿੱਚ ਸਿਵਲ ਅਧਿਕਾਰਾਂ ਦੀ ਵਕੀਲ ਦੀ ਸੇਵਾ ਨਿਭਾ ਚੁੱਕੀ ਹੈ। ਉਸ ਵਲੋਂ ਇਹ ਆਰਟੀਕਲ ਕੈਨੇਡੀਅਨ ਡਾਇਮੈਨਸ਼ਨ ਮੈਗਜ਼ੀਨ ਦੇ ਸਾਈਟ `ਤੇ 3 ਮਾਰਚ ਨੂੰ ਛਪਿਆ ਸੀ। ਪੰਜਾਬੀ ਪਾਠਕਾਂ ਲਈ ਇਸ ਦਾ ਪੰਜਾਬੀ ਅਨੁਵਾਦ ਪੇਸ਼ ਹੈ।)
*
28 ਫਰਵਰੀ ਨੂੰ, ਸੰਯੁਕਤ ਰਾਜ ਅਮਰੀਕਾ ਅਤੇ ਇਜ਼ਰਾਈਲ ਨੇ ਰਲ ਕੇ ਈਰਾਨ ‘ਤੇ ਫੌਜੀ ਹਮਲਾ ਕਰ ਦਿੱਤਾ ਜਿਸ ਵਿੱਚ ਸੁਪਰੀਮ ਲੀਡਰ ਆਇਆਤੋਲਾ ਅਲੀ ਖਾਮਨੇਈ ਦੀ ਮੌਤ ਹੋ ਗਈ ਅਤੇ ਨਿਜ਼ਾਮ ਬਦਲੀ ਦੀ ਬੇਸ਼ਰਮ ਮੁਹਿੰਮ ਦੀ ਸ਼ੁਰੂਆਤ।
ਹਮਲੇ ਦੇ ਤੀਜੇ ਦਿਨ ਤੱਕ, 780 ਤੋਂ ਵੱਧ ਈਰਾਨੀ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਇੱਕ ਪ੍ਰਾਇਮਰੀ ਸਕੂਲ ਵਿੱਚ ਮਾਰੇ ਗਏ 175 ਬੱਚੇ ਵੀ ਸ਼ਾਮਲ ਹਨ।
ਇਜ਼ਰਾਈਲ ਵਲੋਂ ਇਸ ਖੇਤਰ ਵਿੱਚ ਆਪਣੀ ਜੰਗ ਨੂੰ ਵਧਾਉਂਦਿਆਂ ਬੈਰੂਤ ‘ਤੇ ਕੀਤੀ ਬੰਬਾਰੀ ਨਾਲ ਲੈਬਨਾਨ ਵਿੱਚ ਵੀ 50 ਤੋਂ ਵੱਧ ਲੋਕ ਮਾਰੇ ਗਏ ਹਨ। ਗਾਜ਼ਾ ਇੱਕ ਵਾਰ ਫਿਰ ਪੂਰੀ ਤਰ੍ਹਾਂ ਘੇਰਾਬੰਦੀ ਅਧੀਨ ਹੈ, ਜਿੱਥੇ ਖਾਣੇ ਅਤੇ ਮਨੁੱਖੀ ਲੋੜਾਂ ਲਈ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਸਰਹੱਦਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਜਦੋਂ ਈਰਾਨ ਦੇ ਉਹਨਾਂ ਸ਼ਹਿਰਾਂ `ਤੇ ਬੰਬ ਡਿਗ ਰਹੇ ਹਨ ਜਿੱਥੇ ਮੇਰੇ ਪਰਿਵਾਰ ਵਾਲੇ ਰਹਿੰਦੇ ਹਨ, ਡੋਨਾਲਡ ਟਰੰਪ ਇਸ ਨੂੰ ਈਰਾਨ ਦੀ ਅਜ਼ਾਦੀ ਦਾ ਮੌਕਾ ਕਹਿ ਰਿਹਾ ਹੈ। ਈਰਾਨ ਤੋਂ ਬਾਹਰ ਵਸਦੇ ਈਰਾਨੀ ਲੋਕਾਂ (ਈਰਾਨੀ ਡਾਇਆਸਪੋਰਾ) ਵਿੱਚ ਕੁਝ ਲੋਕ ਖੁਸ਼ ਹੋ ਰਹੇ ਹਨ ਅਤੇ ਅਮਰੀਕੀ ਦੂਤਘਰਾਂ ਅੱਗੇ ਗੁਲਾਬ ਦੇ ਫੁੱਲ ਰੱਖ ਰਹੇ ਹਨ। ਸਾਬਕਾ ਸ਼ਾਹ ਦੇ ਪੁੱਤਰ ਰੇਜ਼ਾ ਪਹਿਲਵੀ ਨੇ ਐਲਾਨ ਕੀਤਾ ਹੈ ਕਿ ਈਰਾਨ ਦੇ ਲੋਕ ਅਮਰੀਕੀ ਸੈਨਿਕਾਂ ਦੇ “ਹਮੇਸ਼ਾ ਕਰਜ਼ਦਾਰ” ਰਹਿਣਗੇ।
ਮੈਂ ਅਜ਼ਾਦੀ ਅਤੇ ਮੁਕਤੀ ਲਈ ਲੜ ਰਹੇ ਅਤੇ ਮੌਜੂਦਾ ਨਿਜ਼ਾਮ ਦੇ ਦਮਨ ਅਤੇ ਭ੍ਰਿਸ਼ਟਾਚਾਰ ਦਾ ਵਿਰੋਧ ਕਰ ਰਹੇ ਈਰਾਨੀ ਪ੍ਰਦਰਸ਼ਨਕਾਰੀਆਂ ਦੇ ਸਮਰਥਨ ਵਿੱਚ ਮਾਰਚ ਕੀਤੇ ਹਨ। ਪਰ ਜਦੋਂ ਵਿਸ਼ਵ ਦੀਆਂ ਦੋ ਸਾਮਰਾਜਵਾਦੀ ਤਾਕਤਾਂ ਜੰਗ ਦਾ ਨਵਾਂ ਮੋਰਚਾ ਖੋਲ੍ਹ ਰਹੀਆਂ ਹਨ ਤਾਂ ਸਾਨੂੰ ਆਪਣੇ ਆਪ ਨੂੰ ਠੱਗੇ ਜਾਣ ਤੋਂ ਬਚਾਉਣਾ ਚਾਹੀਦਾ ਹੈ। ਨਾ ਹੀ ਅਸੀਂ ਉਸ ਰਾਜਨੀਤਕ ਮਸ਼ੀਨਰੀ ਨੂੰ ਨਜ਼ਰਅੰਦਾਜ਼ ਕਰ ਸਕਦੇ ਹਾਂ ਜੋ ਅਮਰੀਕਾ ਦੇ ਸਮਰਥਨ ਵਾਲੇ ਸ਼ਾਹ ਨੂੰ ਈਰਾਨ ਦੇ ਨਿਜ਼ਾਮ ਦੀ ਥਾਂ ਲੈਣ ਲਈ ਤਿਆਰ ਕਰ ਰਹੀ ਹੈ—ਉਸ ਸ਼ਾਹ ਦੇ ਪੁੱਤਰ ਨੂੰ ਜਿਸ ਨੇ ਵਿਰੋਧ ਨੂੰ ਦਬਾਇਆ, ਅਮੀਰਾਂ ਲਈ ਰਾਜ ਕੀਤਾ, ਖੇਤਰ ਵਿਚਲੀਆਂ ਵਿਰੋਧ ਦੀਆਂ ਲਹਿਰਾਂ `ਤੇ ਦਮਨ ਕੀਤਾ ਅਤੇ ਸਾਮਰਾਜਵਾਦੀਆਂ ਨੂੰ ਈਰਾਨ ਦੇ ਵਸੀਲਿਆਂ ਤੱਕ ਪਹੁੰਚ ਪ੍ਰਦਾਨ ਕੀਤੀ ਸੀ।
ਇਹ ਹਮਲਾ ਕਦਾਚਿਤ ਹੀ ਈਰਾਨ ਦੇ ਲੋਕਾਂ ਦੇ ਹੱਕਾਂ ਬਾਰੇ ਨਹੀਂ ਹੈ। ਜੇ ਅਸੀਂ ਸੱਚਮੁੱਚ ਈਰਾਨ ਦੀ ਆਜ਼ਾਦੀ ਅਤੇ ਮੁਕਤੀ ਦੇ ਪੱਖ ਵਿੱਚ ਹਾਂ, ਤਾਂ ਸਾਨੂੰ ਪੁੱਛਣਾ ਚਾਹੀਦਾ ਹੈ: ਈਰਾਨ ਨੂੰ ਕੌਣ ਅਜ਼ਾਦ ਕਰਾ ਸਕਦਾ ਹੈ—ਇਸ ਦੇ ਆਪਣੇ ਲੋਕ, ਵਿਦੇਸ਼ੀ ਬੰਬ, ਜਾਂ ਬਹਾਲ ਕੀਤਾ ਸ਼ਾਹ?
ਕੀ ਇਹ ਸੱਚਮੁੱਚ ਹੀ ਅਜ਼ਾਦੀ ਬਾਰੇ ਹੈ?
ਅਮਰੀਕਾ ਦੀਆਂ ਦਖਲਅੰਦਾਜ਼ੀਆਂ ਦਾ ਰਿਕਾਰਡ ਸਪੱਸ਼ਟ ਕਰਦਾ ਹੈ ਕਿ ਅਜ਼ਾਦੀ, ਮਨੁੱਖੀ ਅਧਿਕਾਰ ਅਤੇ ਕਥਿੱਤ ਖ਼ਤਰੇ ਵਾਰ-ਵਾਰ ਅਜਿਹੀਆਂ ਜੰਗਾਂ ਨੂੰ ਜਾਇਜ਼ ਠਹਿਰਾਉਣ ਲਈ ਵਰਤੇ ਜਾਂਦੇ ਹਨ ਜੋ ਅਮਰੀਕਾ ਦੇ ਰਣਨੀਤਕ ਹਿੱਤਾਂ ਦੀ ਸੇਵਾ ਕਰਦੀਆਂ ਹਨ।
ਗੁਆਟੇਮਾਲਾ ਤੋਂ ਚਿਲੀ ਅਤੇ ਇਰਾਕ ਤੱਕ ਅਮਰੀਕਾ ਦੀਆਂ ਫੌਜੀ ਦਖਲਅੰਦਾਜ਼ੀਆਂ ਦੌਰਾਨ ਕੀਤੇ ਮੁਕਤੀ ਦੇ ਵਾਅਦੇ ਮੌਤ, ਤਬਾਹੀ ਅਤੇ ਵਿਦੇਸ਼ੀ ਕੰਟਰੋਲ ਲੈ ਕੇ ਆਏ ਸਨ। ਇਨ੍ਹਾਂ ਦਖਲਅੰਦਾਜ਼ੀਆਂ ਨੇ ਅਮਰੀਕਾ ਦੇ ਰਣਨੀਤਕ ਲਾਭ ਨੂੰ ਸੁਰੱਖਿਅਤ ਕੀਤਾ ਅਤੇ ਪੱਛਮੀ ਪੂੰਜੀ ਦੇ ਹਿੱਤਾਂ ਨੂੰ ਵਧਾਇਆ। ਟਰੰਪ ਵਲੋਂ ਤਬਾਹ ਹੋਏ ਗਾਜ਼ਾ ਨੂੰ “ਮੱਧ ਪੂਰਬ ਦੇ ਰਿਵੀਏਰਾ” ਵਜੋਂ ਮੁੜ ਵਿਕਸਤ ਕਰਨ ਦਾ ਵਾਅਦਾ ਇਸ ਦੀ ਇਕ ਤਾਜ਼ਾ ਉਦਾਹਰਣ ਹੈ। ਇਹ ਜੰਗਾਂ ਅਮਰੀਕਾ ਦੇ ਆਮ ਲੋਕਾਂ ਨੂੰ ਲਾਭ ਨਹੀਂ ਪਹੁੰਚਾਉਂਦੀਆਂ; ਇਹ ਤੇਲ, ਖਾਣੇ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧਾਉਂਦੀਆਂ ਹਨ, ਜਦ ਕਿ ਡਿਫੈਂਸ ਕੰਟਰੈਕਟਰ ਅਤੇ ਐਨਿਰਜੀ (ਤੇਲ ਅਤੇ ਊਰਜਾ ਦੇ ਹੋਰ ਸ੍ਰੋਤਾਂ) ਨਾਲ ਸੰਬੰਧਿਤ ਕਾਰਪੋਰੇਸ਼ਨਾਂ ਮੁਨਾਫੇ ਕਮਾਉਂਦੀਆਂ ਹਨ।
ਈਰਾਨ ਦੀ ਇੱਕ ਡੂੰਘੀ ਲੋਕਤੰਤਰੀ ਪਰੰਪਰਾ ਹੈ। 20ਵੀਂ ਸਦੀ ਦੇ ਸ਼ੁਰੂ ਵਿੱਚ, ਇਸ ਨੇ ਸੰਵਿਧਾਨਕ ਪ੍ਰਬੰਧ ਸਥਾਪਿਤ ਕੀਤਾ ਅਤੇ 1953 ਵਿੱਚ ਇਸ ਦੇ ਲੋਕਤੰਤਰੀ ਤੌਰ ‘ਤੇ ਚੁਣੇ ਗਏ ਪ੍ਰਧਾਨ ਮੰਤਰੀ ਮੁਹੰਮਦ ਮੋਸਾਦੇਗ ਨੂੰ ਸੀ ਆਈ ਏ ਅਤੇ ਐੱਮ 16 ਵਲੋਂ ਰਚੇ ਰਾਜ ਪਲਟੇ ਵਿੱਚ ਗੱਦੀਉਂ ਲਾਹ ਦਿੱਤਾ ਗਿਆ ਜਦੋਂ ਉਸ ਨੇ ਦੇਸ਼ ਦੇ ਤੇਲ ਉਦਯੋਗ ਦਾ ਰਾਸ਼ਟਰੀਕਰਨ ਕਰਕੇ ਲੋਕਾਂ ਦੇ ਕੰਟਰੋਲ ਵਿੱਚ ਲਿਆਂਦਾ ਸੀ। ਪੱਛਮੀ ਸ਼ਕਤੀਆਂ ਨੇ ਆਪਣੇ ਰਣਨੀਤਕ ਅਤੇ ਆਰਥਿਕ ਹਿੱਤ ਸੁਰੱਖਿਅਤ ਕਰਨ ਲਈ ਸ਼ਾਹ ਮੁਹੰਮਦ ਰੇਜ਼ਾ ਪਹਿਲਵੀ ਨੂੰ ਵਾਪਸ ਗੱਦੀ `ਤੇ ਬਿਠਾਇਆ। ਇਸ ਨਾਲ ਪੱਛਮੀ ਪੂੰਜੀ ਖੁਸ਼ਹਾਲ ਹੋਈ ਜਦੋਂ ਕਿ ਈਰਾਨ ਵਿੱਚ ਨਾਬਰਾਬਰੀ ਵਧੀ ਅਤੇ ਲੋਕਤੰਤਰੀ ਸੰਭਾਵਨਾਵਾਂ ਘਟੀਆਂ। 1979 ਵਿੱਚ ਇੱਕ ਜਨਤਕ ਇਨਕਲਾਬ ਨੇ ਰਾਜਸ਼ਾਹੀ ਨੂੰ ਲਾਹ ਦਿੱਤਾ, ਪਰ ਅਖੀਰ ਵਿੱਚ ਇਸ ਕ੍ਰਾਂਤੀ ਨੂੰ ਧਾਰਮਕ ( ਥੀਓਕਰੈਟਿਕ) ਲੀਡਰਸਿ਼ੱਪ ਨੇ ਕੰਟਰੋਲ ਕਰ ਲਿਆ ਅਤੇ ਇਸ ਵਿਚਲੀਆਂ ਖੱਬੇਪੱਖੀ ਅਤੇ ਹੋਰ ਵਿਰੋਧੀ ਤਾਕਤਾਂ ਨੂੰ ਕੁਚਲ ਦਿੱਤਾ।
ਬੈਂਜਾਮਿਨ ਨੇਤਨਯਾਹੂ ਨੇ ਹਾਲ ਹੀ ਵਿੱਚ ਈਰਾਨੀ ਲੋਕਾਂ ਨੂੰ ਸਿੱਧਾ ਸੰਬੋਧਨ ਕਰਦਿਆਂ ਕਿਹਾ: “ਤੁਹਾਡੇ ਦੁੱਖ ਅਤੇ ਕੁਰਬਾਨੀਆਂ ਵਿਅਰਥ ਨਹੀਂ ਜਾਣਗੀਆਂ। ਜਿਸ ਮਦਦ ਦੀ ਤੁਸੀਂ ਇੱਛਾ ਕਰ ਰਹੇ ਸੀ, ਉਹ ਹੁਣ ਆ ਗਈ ਹੈ।” ਉਸ ਨੇ ਇਹ ਐਲਾਨ ਉਸ ਸਮੇਂ ਕੀਤਾ ਜਦੋਂ ਹਵਾਈ ਹਮਲੇ ਈਰਾਨ ਭਰ ਵਿੱਚ ਸ਼ਹਿਰੀ (ਸਿਵਲੀਅਨ) ਇਲਾਕਿਆਂ ਨੂੰ ਤਬਾਹ ਕਰ ਰਹੇ ਸਨ।
ਈਰਾਨ ਦੇ ਇਸਲਾਮੀ ਨਿਜ਼ਾਮ ਦਾ ਤਖਤਾ ਉਲਟਾਉਣ ਪਿੱਛੇ ਇਜ਼ਰਾਈਲ ਦਾ ਉਦੇਸ਼ ਇਸ ਖੇਤਰ ਵਿੱਚ ਆਪਣੀ ਸੱਤਾ ਨੂੰ ਮਜ਼ਬੂਤ ਕਰਨ ਨਾਲ ਜੁੜਿਆ ਹੋਇਆ ਹੈ, ਖਾਸ ਕਰਕੇ ਈਰਾਨ ਦੀ ਫੌਜੀ ਸਮਰੱਥਾ ਅਤੇ ਉਸ ਵਲੋਂ ਇਜ਼ਰਾਈਲ ਦੇ ਗਲਬੇ ਦਾ ਵਿਰੋਧ ਕਰਨ ਵਾਲੇ ਹਮਾਸ ਅਤੇ ਹਿਜ਼ਬੁੱਲਾਹ ਵਰਗੇ ਗਰੁੱਪਾਂ ਨੂੰ ਸਹਾਇਤਾ ਪ੍ਰਦਾਨ ਕਰਨ ਨੂੰ ਧਿਆਨ ਵਿੱਚ ਰੱਖਦਿਆਂ। ਇਜ਼ਰਾਈਲ ਦੇ ਖੇਤਰੀ ਅਜੰਡੇ ਦੀ ਈਰਾਨ ਦੀ ਅਜ਼ਾਦੀ ਨਾਲ ਤੁਲਨਾ ਕਰਨਾ ਗਲਤ ਹੈ।
ਬੰਬ ਲੋਕਤੰਤਰ ਨਹੀਂ ਲਿਆਉਂਦੇ
ਇਸ ਜੰਗ ਤੋਂ ਬਾਅਦ ਕੀ ਹੋਵੇਗਾ, ਇਸ ਬਾਰੇ ਟਰੰਪ ਨੇ ਕੋਈ ਉੱਚਿਤ ਯੋਜਨਾ ਪੇਸ਼ ਨਹੀਂ ਕੀਤੀ।
ਇਜ਼ਰਾਈਲੀ ਸਰਕਾਰ ਦੇ ਸਾਬਕਾ ਸਲਾਹਕਾਰ ਡੇਨੀਅਲ ਲੇਵੀ ਨੇ ਅਲ ਜਜ਼ੀਰਾ ਨੂੰ ਦੱਸਿਆ: “ਇਜ਼ਰਾਈਲ ਨੂੰ ਨਿਜ਼ਾਮ ਅਤੇ ਰਾਜ (ਸਟੇਟ) ਦੇ ਖਾਤਮੇ ਵਿੱਚ ਵੱਧ ਦਿਲਚਸਪੀ ਹੈ। ਉਹ ਚਾਹੁੰਦੇ ਹਨ ਕਿ ਈਰਾਨ ਅੰਦਰੋਂ ਫਟ ਜਾਵੇ, ਅਤੇ ਜੇ ਇਸ ਦਾ ਅਸਰ ਇਰਾਕ, ਖਾੜੀ ਅਤੇ ਖੇਤਰ ਦੇ ਬਹੁਤੇ ਹਿੱਸੇ ਵਿੱਚ ਫੈਲ ਜਾਵੇ ਤਾਂ ਹੋਰ ਵੀ ਵਧੀਆ ਹੋਵੇਗਾ।”
ਨਿਜ਼ਾਮ ਦੀ ਬਦਲੀ ਤੇਜ਼ੀ ਨਾਲ ਜਾਂ ਖੂਨ-ਖਰਾਬੇ ਤੋਂ ਬਿਨਾਂ ਨਹੀਂ ਹੋਵੇਗੀ। 190,000 ਦੇ ਲਗਭਗ ਐਕਟਿਵ ਜਵਾਨਾਂ ਅਤੇ ਵਿਸ਼ਾਲ ਪੈਰਾਮਿਲਟਰੀ ਅਤੇ ਆਰਥਿਕ ਨੈੱਟਵਰਕ ਨਾਲ, ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੌਰਪਸ ਈਰਾਨ ਦੇ ਰਾਜਨੀਤਕ ਅਤੇ ਆਰਥਿਕ ਬੁਨਿਆਦੀ ਢਾਂਚੇ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਹੈ। ਬਾਹਰੀ ਹਮਲਾ ਨਿਜ਼ਾਮ ਲਈ ਸਮਰਥਨ ਨੂੰ ਮਜ਼ਬੂਤ ਕਰ ਰਿਹਾ ਹੈ ਕਿਉਂਕਿ ਦੇਸ਼ ਘੇਰਾਬੰਦੀ ਦੀ ਸਥਿਤੀ ਵਿੱਚ ਇਕੱਠਾ ਹੋ ਰਿਹਾ ਹੈ।
ਇਸ ਦੇ ਨਾਲ ਹੀ ਇਹ ਜੰਗ ਅਜਿਹੇ ਵਿਸ਼ਵ ਪ੍ਰਸੰਗ ਵਿੱਚ ਵਾਪਰ ਰਹੀ ਹੈ ਜਿਸ ਵਿੱਚ ਅੰਤਰਰਾਸ਼ਟਰੀ ਕਾਨੂੰਨ ਸੱਤਾ ਨੂੰ ਰੋਕਣ ਵਿੱਚ ਅਸਫਲ ਹੈ। ਜਿਵੇਂ ਫਲਸਤੀਨ ਵਿੱਚ ਨਸਲਕੁਸ਼ੀ ਦੌਰਾਨ ਨਾਗਰਿਕਾਂ ‘ਤੇ ਹਮਲਿਆਂ ਕਾਰਨ ਪੱਛਮ ਦੇ ਨੇੜਲੇ ਸਹਿਯੋਗੀਆਂ ਨੂੰ ਕਿਸੇ ਕਿਸਮ ਦੇ ਨਤੀਜਿਆਂ ਦਾ ਸਾਹਮਣਾ ਨਹੀਂ ਕਰਨਾ ਪਿਆ। ਕਾਨੂੰਨੀ ਮਾਪਦੰਡ ਜਦੋਂ ਵੀ ਭੂ-ਰਾਜਨੀਤਕ ਹਿੱਤਾਂ ਲਈ ਰੁਕਾਵਟ ਬਣਦੇ ਹਨ ਤਾਂ ਉਹਨਾਂ ਨੂੰ ਤਿਆਗ ਦਿੱਤਾ ਜਾਂਦਾ ਹੈ।
ਇਤਿਹਾਸ ਇਸ ਤਰ੍ਹਾਂ ਦੀ ਲੋਕਤੰਤਰੀ ਤਬਦੀਲੀ ਦੇ ਨਜ਼ਰੀਏ ਬਾਰੇ ਸੰਜੀਦਾ ਸਬਕ ਦਿੰਦਾ ਹੈ। ਵਿਨਸੈਂਟ ਬੇਵਿਨਜ਼ ਆਪਣੀ ਤਾਜ਼ਾ ਕਿਤਾਬ (ਇਫ ਵੀ ਬਰਨ: ਦੀ ਮਾਸ ਪ੍ਰੋਟੈਸਟ ਡੈਕੇਡ ਐਂਡ ਦੀ ਮਿਸਿੰਗ ਰੈਵੋਲੂਸ਼ਨ) ਵਿੱਚ ਕਹਿੰਦਾ ਹੈ ਕਿ ਜਦੋਂ ਸਰਕਾਰਾਂ ਪਹਿਲਾਂ ਤੋਂ ਮੌਜੂਦ ਸੰਗਠਨਾਂ, ਲੀਡਰਸ਼ਿੱਪ ਦੇ ਢਾਂਚਿਆਂ ਜਾਂ ਸਪਸ਼ਟ ਬਦਲਾਂ ਦੇ ਬਿਨਾਂ ਡਿਗਦੀਆਂ ਹਨ ਜਾਂ ਅਸਥਿਰ ਹੋ ਜਾਂਦੀਆਂ ਹਨ ਤਾਂ ਲਹਿਰਾਂ ਸੱਤਾ ਦੇ ਖਲਾਵਾਂ ਨੂੰ ਭਰਨ ਜਾਂ ਸਥਾਈ ਤਬਦੀਲੀ ਲਿਆਉਣ ਦੇ ਯੋਗ ਨਹੀਂ ਹੁੰਦੀਆਂ ਅਤੇ ਬਹੁਤੇ ਮਾਮਲਿਆਂ ਵਿੱਚ ਨਤੀਜੇ ਉਨ੍ਹਾਂ ਦੀਆਂ ਮੰਗਾਂ ਦੇ ਉਲਟ ਨਿਕਲਦੇ ਹਨ। ਲਹਿਰਾਂ ਨੂੰ ਵਰਤ ਲਿਆ ਜਾਂਦਾ ਹੈ ਜਾਂ ਰਾਜ ਪ੍ਰਬੰਧ ਨੂੰ ਨਵੇਂ ਰੂਪ ਵਿੱਚ ਬਰਕਰਾਰ ਰੱਖਿਆ ਜਾਂਦਾ ਹੈ।
ਝੂਠੇ ਮੁਕਤੀਦਾਤਾ ਵਜੋਂ ਸਥਾਪਤ ਕੀਤਾ ਜਾ ਰਿਹਾ ਸ਼ਾਹ
ਰੇਜ਼ਾ ਪਹਿਲਵੀ 1979 ਵਿੱਚ ਜਨਤਕ ਇਨਕਲਾਬ ਦੁਆਰਾ ਤਖਤੇ ਤੋਂ ਲਾਹੇ ਗਏ ਸ਼ਾਹ ਦਾ ਪੁੱਤਰ ਹੈ। ਅਮਰੀਕਾ ਤੋਂ ਸਮਰਥਨ ਪ੍ਰਾਪਤ ਰਾਜਸ਼ਾਹੀ ਨੇ ਪੱਛਮੀ ਸੁਰੱਖਿਆ ਦੇ ਬੁਨਿਆਦੀ ਢਾਂਚੇ (ਵੈਸਟਰਨ ਸਿਕਿਉਰਟੀ ਇਨਫਰਾਸਟ੍ਰਕਚਰ) ਦੇ ਸਮਰਥਨ ਨਾਲ ਤਾਨਾਸ਼ਾਹੀ ਤਾਕਤ ਨਾਲ ਰਾਜ ਕੀਤਾ। ਇਸ ਦੇ ਨਿਜ਼ਾਮ ਨੇ ਸਵਾਕ ਦੇ ਨਾਂ ਨਾਲੇ ਜਾਣੇ ਜਾਂਦੇ ਬਦਨਾਮ ਸੁਰੱਖਿਆ ਬਲਾਂ (ਜਿਹਨਾਂ ਨੂੰ ਇਜ਼ਰਾਈਲ ਵਲੋਂ ਸਿਖਲਾਈ ਅਤੇ ਹਿਮਾਇਤ ਦਿੱਤੀ ਜਾਂਦੀ ਸੀ) ਰਾਹੀਂ ਵਿਰੋਧੀਆਂ ਨੂੰ ਕੈਦ ਕੀਤਾ, ਤਸੀਹੇ ਦਿੱਤੇ ਅਤੇ ਗੁੰਮ ਕਰ ਦਿੱਤਾ।
ਪਹਿਲਵੀ ਆਪਣੀ ਰਾਜਨੀਤਕ ਵਚਨਬੱਧਤਾਵਾਂ ਨੂੰ ਲੁਕਾਉਂਦਾ ਨਹੀਂ। ਉਹ ਇੱਕ ਨਸਲੀ-ਰਾਸ਼ਟਰਵਾਦੀ, ਪੂਰੀ ਤਰ੍ਹਾਂ ਪੂੰਜੀਵਾਦ ਪੱਖੀ ਨਜ਼ਰੀਏ ਦਾ ਸਮਰਥਨ ਕਰਦਾ ਹੈ ਜੋ ਪੱਛਮੀ ਕਾਰਪੋਰੇਟ ਹਿੱਤਾਂ ਦਾ ਈਰਾਨ ਵਿੱਚ ਵਾਪਸ ਸਵਾਗਤ ਕਰੇਗਾ ਅਤੇ ਦੇਸ਼ ਦੀ ਵਿਦੇਸ਼ ਨੀਤੀ ਨੂੰ ਫਲਸਤੀਨੀਆਂ ਨਾਲ ਇਕਜੁੱਟਤਾ ਤੋਂ ਦੂਰ ਲੈ ਜਾਵੇਗਾ। ਈਰਾਨੀ ਲੋਕਾਂ ਨੇ 1979 ਵਿੱਚ ਇਸ ਪ੍ਰਬੰਧ ਵਿਰੁੱਧ ਬਗਾਵਤ ਕੀਤੀ ਸੀ, ਅਤੇ ਰਾਜਨੀਤਕ ਅਜ਼ਾਦੀ, ਆਰਥਿਕ ਵੰਡ ਅਤੇ ਮੱਧ ਪੂਰਬ ਵਿੱਚ ਵਿਸਤਾਰੀ ਸ਼ਕਤੀਆਂ ਤੋਂ ਮੁਸਲਮਾਨਾਂ ਦੀ ਸੁਰੱਖਿਆ ਲਈ ਸਾਮਰਾਜ ਵਿਰੋਧੀ ਕੇਂਦਰੀ ਅਸੂਲਾਂ (ਐਂਟੀ ਇੰਪੀਅਰਲਿਸਟ ਕੋਰ) ਦੀ ਮੰਗ ਕੀਤੀ ਸੀ।
ਤਾਂ ਫਿਰ ਉਸ ਨੂੰ ਈਰਾਨ ਤੋਂ ਬਾਹਰ ਵਸਦੇ ਈਰਾਨੀ ਭਾਈਚਾਰੇ ਵਿੱਚ ਜਨਤਕ ਸਮਰਥਨ ਕਿਉਂ ਮਿਲ ਰਿਹਾ ਹੈ? ਉਸ ਦੀ ਪ੍ਰਮੁੱਖਤਾ ਨੂੰ ਪੱਛਮੀ ਮੀਡੀਏ, ਲਾਬੀ ਗਰੁੱਪਾਂ ਅਤੇ ਰਾਜਨੀਤਕ ਐਕਟਰਾਂ ਦੇ ਚੰਗੀ ਤਰ੍ਹਾਂ ਫੰਡ ਕੀਤੇ ਗਏ ਨੈੱਟਵਰਕ ਨੇ ਵਧਾਇਆ ਹੈ ਜੋ ਅਤੀਤ ਦੇ ਸੱਚ, ਲੋਕ ਲਹਿਰਾਂ ਦੀ ਤਾਕਤ ਅਤੇ ਈਰਾਨੀਆਂ ਵਲੋਂ ਚਾਹੀ ਜਾ ਰਹੀ ਪੂਰੀ ਤਬਦੀਲੀ ਨੂੰ ਦਬਾਉਂਦੇ ਹਨ। ਇਸ ਤਰ੍ਹਾਂ ਉਨ੍ਹਾਂ ਨੇ ਰਾਜਨੀਤਕ ਦਾਇਰੇ ਨੂੰ ਇੰਨਾ ਸੌੜਾ ਕਰ ਦਿੱਤਾ ਹੈ ਕਿ ਸਿਰਫ਼ ਅਤਿ-ਸੱਜੀਆਂ ਚੋਣਾਂ ਹੀ ਵਿਹਾਰਕ ਲੱਗਦੀਆਂ ਹਨ।
ਸ਼ਾਹ ਦੇ ਕੁਝ ਪ੍ਰਵਾਸੀ ਸਮਰਥਕ ਇਨਕਲਾਬ ਕਾਰਨ ਉੱਜੜੇ ਹੋਏ ਅਮੀਰ ਵਰਗਾਂ ਦੇ ਹਿੱਸੇ ਸਨ। ਦੂਸਰੇ ਉਸ ਦਾ ਵਿਰੋਧ ਕਰਨ ਕਾਰਨ ਸਮਾਜਿਕ ਜਾਂ ਰਾਜਨੀਤਕ ਤੌਰ `ਤੇ ਅਲਹਿਦਾ ਕੀਤੇ ਜਾਣ (ਆਈਸੋਲੇਸ਼ਨ) ਤੋਂ ਡਰਦੇ ਹਨ। ਇਹੀ ਪੈਟਰਨ ਹੋਰ ਥਾਵਾਂ ‘ਤੇ ਵੀ ਦਿਖਾਈ ਦਿੰਦੇ ਹਨ: ਜਾਇਜ਼ ਸ਼ਿਕਾਇਤਾਂ ਦਾ ਰੁਖ ਪੈਸੇ, ਮੀਡੀਏ ਅਤੇ ਧਮਕੀਆਂ ਨਾਲ ਮੋੜਿਆ ਜਾ ਰਿਹਾ ਹੈ ਅਤੇ ਰਾਜਨੀਤਕ ਦਿਸਹੱਦੇ ਨੂੰ ਤਿੱਖੀ ਤਰ੍ਹਾਂ ਸੱਜੇ ਪਾਸੇ ਨੂੰ ਧੱਕਿਆ ਜਾ ਰਿਹਾ ਹੈ।
ਇਹ ਕਦਮ ਇਸਲਾਮੀ ਨਿਜ਼ਾਮ ਵਿਰੁੱਧ ਗੁੱਸੇ ਨੂੰ ਮੁਕਤੀ ਦੀਆਂ ਸਹੀ ਸੰਭਾਵਨਾਵਾਂ ਤੋਂ ਭਟਕਾਉਂਦਾ ਹੈ। ਇਹ ਆਰਥਿਕ ਨਿਆਂ ਦੀਆਂ ਮੰਗਾਂ, ਘੱਟ ਗਿਣਤੀ ਦੇ ਸੰਘਰਸ਼ਾਂ ਅਤੇ ਮੁਸਲਮਾਨਾਂ ਅਤੇ ਫਲਸਤੀਨੀਆਂ ਦੀਆਂ ਏਕਤਾਵਾਂ ਨੂੰ ਮੇਟ ਦਿੰਦਾ ਹੈ, ਜੋ ਲੰਮੇ ਸਮੇਂ ਤੋਂ ਈਰਾਨੀ ਸਰਗਰਮੀਆਂ ਨੂੰ ਪ੍ਰੇਰਿਤ ਕਰਦੀਆਂ ਰਹੀਆਂ ਹਨ।
ਸਾਨੂੰ ਵਿਦੇਸ਼ੀਆਂ ਦੀ ਹਿਮਾਇਤ ਵਾਲੇ ਸ਼ਾਹ ਤੋਂ ਸੱਤਾ ਖੋਹ ਲੈਣੀ ਚਾਹੀਦੀ ਹੈ ਅਤੇ ਇਸ ਨੂੰ ਈਰਾਨ ਦੇ ਲੋਕਾਂ ਕੋਲ ਵਾਪਸ ਲਿਆਉਣਾ ਚਾਹੀਦਾ ਹੈ।
ਲੋਕ ਮੁਕਤੀ ਦੀ ਲਹਿਰ ਲਈ ਜ਼ਰੂਰੀ ਸਥਿਤੀਆਂ
ਪਿਛਲੇ ਦਸੰਬਰ ਵਿੱਚ, ਜਦੋਂ ਈਰਾਨ ਦੀ ਮੁਦਰਾ ਡਿੱਗ ਰਹੀ ਸੀ ਅਤੇ ਪਾਬੰਦੀਆਂ ਅਤੇ ਘਰੇਲੂ ਭ੍ਰਿਸ਼ਟਾਚਾਰ ਕਾਰਨ ਖਾਣੇ ਦੀਆਂ ਕੀਮਤਾਂ ਵਧ ਰਹੀਆਂ ਸਨ, ਰੋਸ ਪ੍ਰਦਰਸ਼ਨ ਪੂਰੇ ਦੇਸ਼ ਵਿੱਚ ਫੈਲ ਗਏ। ਮਜ਼ਦੂਰਾਂ, ਵਿਦਿਆਰਥੀਆਂ, ਪੈਨਸ਼ਨਰਾਂ, ਅਨਿਯਮਤ (ਇਨਫੋਰਮਲ) ਸੈਕਟਰ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਪੇਂਡੂ ਪਰਿਵਾਰਾਂ ਨੇ ਸੜਕਾਂ ਭਰ ਦਿੱਤੀਆਂ।
ਉਹ ਵਿਦੇਸ਼ੀ ਬੰਬਾਂ ਦੀ ਮੰਗ ਨਹੀਂ ਕਰ ਰਹੇ ਸਨ।
ਸਗੋਂ, ਉਹ ਜੀਵਨ ਦੀ ਬਰਕਰਾਰੀ (ਸਰਵਾਈਵਲ) ਦੀ ਮੰਗ ਕਰ ਰਹੇ ਸਨ। ਉਹੀ ਭਾਈਚਾਰੇ ਹੁਣ ਸਭ ਤੋਂ ਵੱਧ ਜੰਗ ਦਾ ਭਾਰ ਝੱਲਣਗੇ। ਅਮੀਰਾਂ ਕੋਲ ਨਿਕਾਸੀ ਦੇ ਰਸਤੇ ਹਨ। ਉਹਨਾਂ ਕੋਲ ਦੋ ਦੋ ਦੇਸ਼ਾਂ ਦੇ ਪਾਸਪੋਰਟ (ਡੂਅਲ ਪਾਸਪੋਰਟ) ਹਨ। ਪੂੰਜੀ ਚੁੱਪ-ਚਾਪ ਬਾਹਰ ਨਿਕਲ ਜਾਂਦੀ ਹੈ। ਕੰਮਕਾਜੀ ਗਰੀਬ ਅਤੇ ਮੱਧ ਵਰਗ ਦੇ ਬਹੁਤੇ ਲੋਕ ਬਾਹਰ ਨਹੀਂ ਨਿਕਲ ਸਕਦੇ।
ਫਿਰ ਵੀ ਲੋਕਤੰਤਰੀ ਸੰਘਰਸ਼ ਦੇ ਧਰਾਤਲ ਨੂੰ ਦਹਾਕਿਆਂ ਦੇ ਪੱਛਮੀ ਦਬਾਅ ਅਤੇ ਦਮਨ ਨੇ ਡੂੰਘੇ ਤੌਰ ‘ਤੇ ਪ੍ਰਭਾਵਿਤ ਕੀਤਾ ਹੈ। ਵਿਆਪਕ ਪਾਬੰਦੀਆਂ ਨੇ ਆਮ ਲੋਕਾਂ ਨੂੰ ਤਬਾਹ ਕਰ ਦਿੱਤਾ ਹੈ। ਪਾਬੰਦੀਆਂ ਦੇ ਮੁੜ ਲਾਗੂ ਹੋਣ ਤੋਂ ਬਾਅਦ ਤੇਲ ਨਿਰਯਾਤ ਬਹੁਤ ਜ਼ਿਆਦਾ ਘਟਿਆ ਹੈ। ਪਿਛਲੇ ਦਹਾਕੇ ਦੌਰਾਨ ਪ੍ਰਤੀ ਵਿਅਕਤੀ ਜੀ ਡੀ ਪੀ ਵਿੱਚ ਭਾਰੀ ਕਮੀ ਆਈ ਹੈ। ਈਰਾਨੀ ਮੁਦਰਾ ਡਿੱਗ ਗਈ, ਜਿਸ ਨੇ ਖਰੀਦ ਸ਼ਕਤੀ ਖਤਮ ਕਰ ਦਿੱਤੀ ਅਤੇ ਈਰਾਨ ਦੇ ਮੱਧ ਵਰਗ ਨੂੰ ਤਬਾਹ ਕਰ ਦਿੱਤਾ। ਇਸ ਦੌਰਾਨ ਸੱਤਾ ਨਾਲ ਜੁੜੇ ਨੈੱਟਵਰਕ ਤਬਦੀਲ ਹੋਏ ਅਤੇ ਉਹਨਾਂ ਆਰਥਿਕਤਾ ਨੂੰ ਸਮਗਲਿੰਗ ਅਤੇ ਸਰਪ੍ਰਸਤੀ ਵਾਲੇ ਪ੍ਰਬੰਧਾਂ (ਪੈਟਰਨੇਜ ਸਿਸਟਮਜ਼) ਨਾਲ ਮੁੜ ਸੰਗਠਿਤ ਕੀਤਾ ਜੋ ਨਿਜ਼ਾਮ ਨਾਲ ਵਫ਼ਾਦਾਰੀ ਨੂੰ ਮਜ਼ਬੂਤ ਕਰਦੇ ਹਨ।
ਜੇ ਟੀਚਾ ਈਰਾਨ ਦੀ ਅਜ਼ਾਦੀ ਹੈ, ਤਾਂ ਰਣਨੀਤੀ ਦਾ ਉਸ ਟੀਚੇ ਨਾਲ ਮੇਲ ਖਾਣਾ ਜ਼ਰੂਰੀ ਹੈ: ਬੰਬਾਰੀ ਰੋਕੋ; ਨਾਗਰਿਕਾਂ ਨੂੰ ਸਮੂਹਿਕ ਸਜ਼ਾ ਦੇਣ ਵਾਲੀਆਂ ਵਿਆਪਕ ਪਾਬੰਦੀਆਂ ਖਤਮ ਕਰੋ; ਮਜ਼ਦੂਰਾਂ, ਔਰਤਾਂ, ਵਿਦਿਆਰਥੀਆਂ ਅਤੇ ਘੱਟ ਗਿਣਤੀਆਂ ਦੇ ਅਜ਼ਾਦ ਸੰਗਠਨਾਂ ਦਾ ਸਮਰਥਨ ਕਰੋ — ਕਿਸੇ ਵੀ ਤਰ੍ਹਾਂ ਦੀਆਂ ਫੌਜੀ ਸ਼ਰਤਾਂ ਤੋਂ ਬਿਨਾਂ।
ਸਾਡੇ ਵਰਗੇ ਪ੍ਰਵਾਸੀਆਂ ਲਈ ਇਸ ਦਾ ਮਤਲਬ ਬਚਾਅ ਵਜੋਂ ਪੇਸ਼ ਕੀਤੇ ਜਾ ਰਹੇ ਵਿਦੇਸ਼ੀ ਹਮਲੇ ਦਾ ਜਨਤਕ ਵਿਰੋਧ ਹੈ। ਇਸ ਦਾ ਮਤਲਬ ਦੁੱਖ ਨੂੰ ਰਾਜਸ਼ਾਹੀ ਜਾਂ ਜੰਗ ਦੇ ਸਮਰਥਨ ਵੱਲ ਮੋੜਨ ਤੋਂ ਇਨਕਾਰ ਕਰਨਾ ਹੈ। ਇਸ ਦਾ ਮਤਲਬ ਮੁਕਤੀ ਦੇ ਉਸ ਨਜ਼ਰੀਏ ਦੀ ਰੱਖਿਆ ਕਰਨਾ ਹੈ ਜੋ ਰਾਜਨੀਤਕ ਅਤੇ ਆਰਥਿਕ ਨਿਆਂ ਨਾਲ ਜੁੜਿਆ ਹੋਇਆ ਹੈ।
ਇਤਿਹਾਸ ਸਪਸ਼ਟ ਹੈ: ਬਰਕਰਾਰ ਰਹਿ ਸਕਣ ਵਾਲੀ ਅਜ਼ਾਦੀ ਉਨ੍ਹਾਂ ਲੋਕਾਂ ਵਲੋਂ ਸਥਾਪਤ ਕੀਤੀ ਜਾਂਦੀ ਹੈ ਜੋ ਸੰਗਠਿਤ ਹੁੰਦੇ ਹਨ, ਹੜਤਾਲਾਂ ਕਰਦੇ ਹਨ, ਲਿਖਦੇ ਹਨ, ਸਿਖਾਉਂਦੇ ਹਨ ਅਤੇ ਵਿਰੋਧ ਕਰਦੇ ਹਨ—ਨਾ ਕਿ ਵਿਦੇਸ਼ੀ ਜੈੱਟਾਂ, ਪਾਬੰਦੀਆਂ ਦੇ ਨਿਜ਼ਾਮਾਂ ਜਾਂ ਤਾਜਾਂ ਵਲੋਂ।
ਈਰਾਨ ਦੇ ਲੋਕ ਤਬਾਹੀ ਅਤੇ ਤਾਨਾਸ਼ਾਹੀ ਵਿਚੋਂ ਇਕ ਦੀ ਚੋਣ ਕਰਨ ਤੋਂ ਵੱਧ ਦੇ ਹੱਕਦਾਰ ਹਨ।