
ਜਗਤਾਰ ਸਾਲਮ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਕਾਵਿ ਖੇਤਰ ਅਤੇ ਪੰਜਾਬੀ ਪੱਤਰਕਾਰੀ ਵਿਚ ਲਗਾਤਾਰ ਸਰਗਰਮ ਹੈ। ਪੱਤਰਕਾਰੀ ਦੇ ਹਵਾਲੇ ਨਾਲ ਉਸਨੇ ਪੰਜਾਬ ਅਤੇ ਵਿਦੇਸ਼ ਦੇ ਕਈ ਨਾਮੀ ਮੀਡੀਆ ਅਦਾਰਿਆਂ ਵਿਚ ਕੰਮ ਕੀਤਾ ਹੈ। ਗੰਭੀਰ ਗਜ਼ਲ ਲਿਖਣ ਕਾਰਨ ਪਹਿਲੀ ਕਿਤਾਬ ” ਖੁਦਕੁਸ਼ੀ ਤੋ ਪਹਿਲਾਂ ” ਨਾਲ ਹੀ ਉਸਦੀ ਪੰਜਾਬੀ ਸਾਹਿਤ ਵਿਚ ਪਹਿਚਾਨ ਪੱਕੀ ਹੋ ਗਈ ਸੀ। ਉਸ ਤੋ ਬਾਅਦ ਜਗਤਾਰ ਸਾਲਮ ਨੇ ਲਗਾਤਾਰ ਸਾਹਿਤ ਦੇ ਖੇਤਰ ਚ ਕੰਮ ਕਰਕੇ ਆਪਣੀ ਪੁਖ਼ਤਗੀ ਨੂੰ ਸਾਬਿਤ ਕੀਤਾ ਹੈ।
1.
ਨਕਸ਼ ਰਾਹਾਂ ਵਿਚ ਯੁਗਾਂ ਤਕ ਰਹਿਣਗੇ ਰਾਹਗੀਰ ਦੇ,
ਨਕਸ਼ਿਆਂ ਨੂੰ ਪਾੜ ਭਾਵੇਂ ਆਂਦਰਾਂ ਨੂੰ ਚੀਰ ਦੇ।
ਕੌਣ ਸੁਣਦੈ ਰਾਗ ਨੂੰ ਤੇ ਕੌਣ ਸੁਣਦੈ ਗੀਤ ਨੂੰ,
ਚੁੱਕ ਤੇਰੀ ਬੰਸਰੀ ਮੈਨੂੰ ਮੇਰੀ ਸ਼ਮਸ਼ੀਰ ਦੇ।
ਹਰ ਨਿਸ਼ਾਨਾ ਲੱਗਣਾ ਹੈ ਬਾਦਸ਼ਾਹ ਦੀ ਹਿੱਕ ’ਤੇ,
ਜੇ ਨਜ਼ਾਰਾ ਦੇਖਣੈ ਤਰਕਸ਼ ’ਚੋਂ ਮੈਨੂੰ ਤੀਰ ਦੇ।
ਮੈਂ ਤਾਂ ਇਹ ਕੋਸ਼ਿਸ਼ ਕਰਾਂਗਾ ਵਕਤ ਨੂੰ ਵੱਸ ਵਿਚ ਕਰਾਂ,
ਕਿਉਂ ਚੁਗਾਂ ਟੁਕੜੇ ਤੇਰੇ ਦਰਬਾਰ ’ਚੋਂ ਤਕਦੀਰ ਦੇ।
ਹੋ ਨਹੀਂ ਸਕਦੇ ਕਦੇ ਵੀ ਇਕ, ਰਹਾਂਗੇ ਦੋ ਜਣੇ,
ਜਿਸਮ ਮੇਰਾ ਅੱਗ ਦਾ ਤੇ ਅੰਗ ਤੇਰੇ ਨੀਰ ਦੇ।
ਮੁੱਕ ਜਾਣੀ ਸੀ ਲੜਾਈ ਬਹੁਤ ਪਹਿਲਾਂ ਦੋਸਤੋ,
ਗੱਲ ਵਧਦੀ ਨਾ ਕਦੇ ਵੀ ਜੇ ਨਾ ਜੰਗਲ ਚੀਰਦੇ
2.
ਨਹੀਂ ਝੁਕਣਾ ਅਸੀਂ ਹੁਣ ਏਸ ਕਾਲੀ ਰਾਤ ਦੇ ਅੱਗੇ,
ਖੜ੍ਹੇ ਹੋਵਾਂਗੇ ਛਾਤੀ ਤਾਣ ਕੇ ਹਾਲਾਤ ਦੇ ਅੱਗੇ।
ਕਿ ਮੰਜ਼ਿਲ ਦਿਸ ਰਹੀ ਸੀ ਤੇ ਸਫ਼ਰ ਕਟਦਾ ਸੀ ਇਕ ਪਲ ਵਿਚ,
ਭਲਾ ਫਿਰ ਜ਼ਹਿਰ ਕੋਈ ਚੀਜ਼ ਸੀ ਸੁਕਰਾਤ ਦੇ ਅੱਗੇ।
ਕਿ ਮਹਿਲਾਂ ਦੇ ਬੁਰਜ ਹੱਸਦੇ ਨੇ ਮੇਰੀ ਸਾਦਗੀ ਉੱਪਰ,
ਜ਼ਿਕਰ ਕੱਚੇ ਘਰਾਂ ਦਾ ਜਦ ਕਰਾਂ ਬਰਸਾਤ ਦੇ ਅੱਗੇ।
ਪਤਾ ਰੁਕਣਾ ਨਹੀਂ ਫਿਰ ਵੀ ਹਵਾ ਨੂੰ ’ਵਾਜ਼ ਦਿੰਦਾ ਹੈ,
ਕਿਸੇ ਦਾ ਜ਼ੋਰ ਨੀਂ ਚੱਲਦਾ ਕਦੇ ਜਜ਼ਬਾਤ ਦੇ ਅੱਗੇ।
ਤੇਰੀ ਤਲਵਾਰ ਤੇਰੀ ਬਾਦਸ਼ਾਹਤ ਮੇਟ ਨੀਂ ਸਕਦੀ,
ਲੈ ਮੇਰਾ ਸਿਦਕ ਖੜ੍ਹਿਆ ਹੈ ਤੇਰੀ ਔਕਾਤ ਦੇ ਅੱਗੇ।
3.
ਹੋ ਗਏ ਆਦੀ ਅਸੀਂ ਤਾਂ ਏਸ ਹੱਦ ਤਕ ਜਰਨ ਦੇ,
ਖ਼ਾਬ ਦੇਖੇ ਜੀਣ ਦੇ ਤੇ ਖ਼ਿਆਲ ਆਉਂਦੇ ਮਰਨ ਦੇ।
ਇਸ ਤਰ੍ਹਾਂ ਨਾ ਕਰ ਕਿ ਮੈਂ ਅਫ਼ਸੋਸ ਵੀ ਨਾ ਕਰ ਸਕਾਂ,
ਮਾਰ ਦੇ ਬੇਸ਼ੱਕ ਪਰ ਹੌਕਾ ਤਾਂ ਮੈਨੂੰ ਭਰਨ ਦੇ।
ਠੀਕ ਹੈ ਆਪਾਂ ਨਿਹੱਥੇ, ਸਾਹਮਣੇ ਹਥਿਆਰ ਸਨ,
ਪਰ ਇਹੀ ਕਾਰਣ ਨਹੀਂ ਕੁਝ ਹੋਰ ਵੀ ਹਨ ਹਰਨ ਦੇ।
ਲਾਜ਼ਮੀ ਆਪਾਂ ਬਚਾਵਾਂਗੇ ਅਜੇ ਪਰ ਓਸਨੂੰ,
ਉਡਣ ਦੀ ਖ਼ੁਦ ਆਪ ਵੀ ਕੋਸ਼ਿਸ਼ ਤਾਂ ਕੋਈ ਕਰਨ ਦੇ।
ਦੇਸ਼ ਮੇਰੇ ਵਿਚ ਕਿਤੇ ਵੀ ਜ਼ਿੰਦਗੀ ਨੀਂ ਲੱਭਦੀ,
ਲੱਭਦੈ ਹਰ ਰੋਜ਼ ਹੀ ਬੰਦਾ ਬਹਾਨੇ ਮਰਨ ਦੇ।
4.
ਖਬਰੇ ਕਿੱਥੇ ਪੁੱਜ ਗਏ ਹਾਂ ਕਵਿਤਾ ਪੜ੍ਹਦੇ ਪੜ੍ਹਦੇ,
ਘਰ ਦਾ ਰਸਤਾ ਭਟਕ ਗਏ ਹਾਂ ਜੁਗਨੂੰ ਫੜਦੇ ਫੜਦੇ।
ਤਖਤਾਂ ਤਾਜਾਂ ਨੂੰ ਇਸ ਹਾਲ ’ਚ ਕੌਣ ਚੁਣੌਤੀ ਦੇਵੇ,
ਬੀਤ ਰਿਹਾ ਹੈ ਸਭ ਦਾ ਜੀਵਨ ਖੁਦ ਨਾ’ ਲੜਦੇ ਲੜਦੇ।
ਉਸ ਹਾਲਤ ਵਿਚ ਇੱਕੋ ਰਸਤਾ ਡੁੱਬ ਜਾਵਣ ਦਾ ਬਚਦਾ,
ਮੰਜ਼ਿਲ ਤੀਕਰ ਜੇ ਨਾ ਪਹੁੰਚੇ ਸੂਰਜ ਚੜ੍ਹਦੇ ਚੜ੍ਹਦੇ।
5.
ਉਲਝ ਗਏ ਹਾਂ ਚੌਰਾਹੇ ’ਤੇ ਰਾਹਵਾਂ ਵਿਚ,
ਮੋਰਚਿਆਂ ਦਾ ਜ਼ਿਕਰ ਨਹੀਂ ਕਵਿਤਾਵਾਂ ਵਿਚ।
ਆਪਣੀ ਲਾਸ਼ ਨੂੰ ਮੋਢੇ ਚੁੱਕ ਤੁਰਨਾ ਵੀ ਹੈ,
ਤੇ ਹੱਥਕੜੀਆਂ ਵੀ ਲਾਈਆਂ ਨੇ ਬਾਹਵਾਂ ਵਿਚ।
ਮੰਜ਼ਿਲ ਦੀ ਤਾਂ ਇਹਨੂੰ ਭੋਰਾ ਹੋਸ਼ ਨਹੀਂ,
ਪਾਗਲ ਖ਼ਬਰੇ ਕੀ ਲੱਭਦਾ ਹੈ ਰਾਹਵਾਂ ਵਿਚ।
ਮਚ ਮਚ ਕੋਲਾ ਹੋਇਆ ਸੀਨਾ ਹਾਕਮ ਦਾ,
ਲਟ ਲਟ ਦੀਵਾ ਬਲਦਾ ਵੇਖ ਹਵਾਵਾਂ ਵਿਚ।
6.
ਚੋਰ ਸਿਪਾਹੀ ਮਿਲ ਕੇ ਬਾਜ਼ੀ ਖੇਡ ਰਹੇ,
ਹਾਕਮ ਪੰਡਿਤ ਮੁੱਲਾਂ ਕਾਜ਼ੀ ਖੇਡ ਰਹੇ।
ਗੰਗਾ ਵਿਚ ਜੋ ਗੋਤੇ ਲਾਉਣ ਉਹੀ ਬੰਦੇ,
ਮੱਕੇ ਦੇ ਵਿਚ ਹਾਜੀ ਹਾਜੀ ਖੇਡ ਰਹੇ।
ਦੇਖ ਤਮਾਸ਼ਾ ਸ਼ਹਿਰ ’ਚ ਕਿੰਨਾ ਡਰ ਲਗਦੈ,
ਧੜ ਤੋਂ ਸਿਰ ਲਾਹ ਲਾਹ ਕੇ ਗਾਜ਼ੀ ਖੇਡ ਰਹੇ।
7.
ਚੁੱਪ ਚੁਪੀਤੇ ਦਿਨ ਚੜ੍ਹਦਾ ਹੈ ਚੋਰੀ ਚੋਰੀ ਸੂਰਜ ਢਲਦਾ,
ਲੋਕ ਦੁਪਹਿਰਾਂ ਲੁਕ ਲੁਕ ਕੱਟਣ ਡਰ ਡਰ ਕੇ ਹੈ ਦੀਵਾ ਬਲਦਾ।
ਦਰਿਆ ਆਪਣੇ ਦੁਖ ਵਿਚ ਉਛਲਣ ਰਸਤੇ ਆਪੋ ਦੇ ਵਿਚ ਉਲਝੇ,
ਪੌਣਾਂ ਆਪਣੇ ਗੇੜ ’ਚ ਭਟਕਣ ਜੰਗਲ ਆਪਣੀ ਅੱਗ ’ਚ ਜਲਦਾ।
ਹੈਰਾਨੀ ਹੁੰਦੀ ਹੈ ਕਿੱਦਾਂ ਆਪਣੇ ਇਹ ਮਾੜੇ ਦਿਨ ਆਏ,
ਸਤਲੁਜ ਦੇ ਪਾਣੀ ਨਾਲ ਯਾਰੋ ਹੁਣ ਕੋਈ ਬੂਟਾ ਨਾ ਫਲ਼ਦਾ।
ਕੋਰੇ ਕਾਗਜ਼ ਉੱਪਰ ਮੈਥੋਂ ਵੱਡੇ ਅੱਖਰਾਂ ਵਿਚ ਲਿਖਵਾ ਲੈ,
ਐ ਰਾਜਨ ਇਸ ਹਾਲ ’ਚ ਤੇਰਾ ਰਾਜ ਨਹੀਂ ਬਹੁਤਾ ਚਿਰ ਚਲਦਾ।
ਮੁੱਕ ਜਾਣੀ ਸੀ ਚਿੰਤਾ ਚਿਰ ਦੀ ਤੇ ਇਕ ਪਾਸਾ ਹੋ ਜਾਣਾ ਸੀ,
ਪੰਛੀ ਟੁੱਟ ਕੇ ਪੈ ਜਾਣੇ ਸਨ ਜੇ ਨਾ ਅੱਜ ਸ਼ਿਕਾਰੀ ਟਲਦਾ।
ਦੇਖੀਂ ਕਿਧਰੇ ਰੁਕ ਨਾ ਜਾਵੀਂ ਆਖ਼ਰ ਵੇਲੇ ਝੁਕ ਨਾ ਜਾਵੀਂ,
ਸਾਹਵੇਂ ਹੋ ਕੇ ਗੋਲੀ ਮਾਰੀਂ ਖੇਡ ਮਸਾਂ ਬਸ ਪਲ ਦੋ ਪਲ ਦਾ।
8.
ਆਪਾ ਜਤਾਉਣ ਖਾਤਰ ਨਾ ਹੀ ਡਰਾਉਣ ਖਾਤਰ।
ਮਾਰੀ ਹੈ ਚੀਕ ਮੈਂ ਤਾਂ ਖ਼ੁਦ ਨੂੰ ਬਚਾਉਣ ਖਾਤਰ।
ਦੱਸੋ! ਕੀ ਹੋਰ ਲੈਣਾ ਦੱਸੋ! ਕੀ ਰਹਿ ਗਿਆ ਹੈ,
ਦਿੰਦੇ ਨੇ ਖ਼ੂਨ ਲੋਕੀਂ ਅਗਨੀ ਬਝਾਉਣ ਖਾਤਰ।
ਪਹਿਲਾਂ ਮੈਂ ਜ਼ਖ਼ਮ ਲੱਭਾਂ ਮਗਰੋਂ ਧੁਖਾਂ ਤਪਾ, ਫਿਰ,
ਕੋਈ ਖ਼ਿਆਲ ਲੱਭੇ ਕਵਿਤਾ ਬਣਾਉਣ ਖਾਤਰ।
ਹੌਕਾ ਜੇ ਭਰ ਲਿਆ ਤਾਂ ਇਹ ਕੀ ਕਸੂਰ ਹੋਇਆ,
ਕੁਝ ਹੋਰ ਆਖ ਦਿੰਦੇ ਇਲਜ਼ਾਮ ਲਾਉਣ ਖਾਤਰ।
ਦੀਵੇ ਦੀ ਰੌਸ਼ਨੀ ਤੋਂ ਡਰਦਾ ਸੀ ਬਹੁਤ ਉਹ ਵੀ,
ਆਇਆ ਸੀ ਰਾਤ ਜਿਹੜਾ ਮੈਨੂੰ ਡਰਾਉਣ ਖਾਤਰ।