
ਸੈਨ ਡੀਏਗੋ ਵਿੱਚ ਅਮਰੀਕੀ ਇਮੀਗ੍ਰੇਸ਼ਨ ਵੱਲੋਂ ਜਸਕਰਨ ਸਿੰਘ ਗ੍ਰਿਫ਼ਤਾਰ
ਸੈਨ ਡੀਏਗੋ/ਏਜੰਸੀਆਂ/ਅਮਰੀਕਾ ਦੀਆਂ ਇਮੀਗ੍ਰੇਸ਼ਨ ਅਥਾਰਟੀਆਂ ਨੇ ਸੈਨ ਡੀਏਗੋ ਵਿੱਚ ਭਾਰਤੀ ਨਾਗਰਿਕ ਜਸਕਰਨ ਸਿੰਘ ਨੂੰ ਉਸਦੀ “ਅਪਰਾਧਿਕ ਪਿਛੋਕੜ” ਦੇ ਕਾਰਨ ਗ੍ਰਿਫ਼ਤਾਰ ਕਰ ਲਿਆ ਹੈ। ਅਧਿਕਾਰਿਕ ਬਿਆਨ ਮੁਤਾਬਕ ਉਸਦੇ ਖ਼ਿਲਾਫ਼ ਹਿਟ-ਐਂਡ-ਰਨ (ਟੱਕਰ ਮਾਰ ਕੇ ਭੱਜ ਜਾਣਾ) ਦਾ ਮਾਮਲਾ ਦਰਜ ਹੈ।
ਸੈਨ ਡੀਏਗੋ ਦੇ ਐਨਫੋਰਸਮੈਂਟ ਐਂਡ ਰਿਮੂਵਲ ਓਪਰੇਸ਼ਨਜ਼ (ERO) ਦਫ਼ਤਰ ਨੇ ਐਕਸ (ਪਹਿਲਾਂ ਟਵਿੱਟਰ) ’ਤੇ ਇਕ ਪੋਸਟ ਕਰਕੇ ਗ੍ਰਿਫ਼ਤਾਰੀ ਦੀ ਜਾਣਕਾਰੀ ਦਿੱਤੀ।
ਪੋਸਟ ਵਿੱਚ ਲਿਖਿਆ ਗਿਆ, “ICE ਸੈਨ ਡੀਏਗੋ ਨੇ ਭਾਰਤ ਦੇ ਅਪਰਾਧਿਕ ਵਿਦੇਸ਼ੀ ਜਸਕਰਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸਦੇ ਖ਼ਿਲਾਫ਼ ਦੇਸ਼ ਤੋਂ ਬਾਹਰ ਕੱਢਣ ਦਾ ਅੰਤਿਮ ਹੁਕਮ ਜਾਰੀ ਹੈ। ਸਿੰਘ ਦੀ ਅਪਰਾਧਿਕ ਪਿਛੋਕੜ ਵਿੱਚ ਹਿਟ-ਐਂਡ-ਰਨ ਦਾ ਮਾਮਲਾ ਸ਼ਾਮਲ ਹੈ। ਉਸਨੂੰ ਹਟਾਉਣ (ਡਿਪੋਰਟੇਸ਼ਨ) ਦੀ ਕਾਰਵਾਈ ਪੂਰੀ ਹੋਣ ਤੱਕ ICE ਦੀ ਹਿਰਾਸਤ ਵਿੱਚ ਰੱਖਿਆ ਜਾਵੇਗਾ।”
ਇਹ ਘਟਨਾ ਉਸ ਤੋਂ ਇਕ ਦਿਨ ਬਾਅਦ ਸਾਹਮਣੇ ਆਈ ਹੈ ਜਦੋਂ ਇਕ ਹੋਰ ਭਾਰਤੀ ਨਾਗਰਿਕ ਜਸ਼ਨਪ੍ਰੀਤ ਸਿੰਘ ਨੂੰ ਵੀ ਸੈਨ ਡੀਏਗੋ ਵਿੱਚ ਉਸਦੀ “ਅਪਰਾਧਿਕ ਪਿਛੋਕੜ” ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ERO ਦਫ਼ਤਰ ਮੁਤਾਬਕ ਉਸਦੇ ਖ਼ਿਲਾਫ਼ ਦਹਿਸ਼ਤ ਪੈਦਾ ਕਰਨ ਦੀ ਨੀਅਤ ਨਾਲ ਅਪਰਾਧ ਦੀ ਧਮਕੀ ਦੇਣਾ, ਘਾਤਕ ਹਥਿਆਰ ਨਾਲ ਹਮਲਾ ਕਰਨਾ ਅਤੇ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ (DUI) ਦੇ ਦੋਸ਼ ਹਨ।
ਅਧਿਕਾਰੀਆਂ ਨੇ ਕਿਹਾ ਕਿ ਸਿੰਘ ਨੂੰ ਹਟਾਉਣ (ਡਿਪੋਰਟੇਸ਼ਨ) ਸੰਬੰਧੀ ਕਾਰਵਾਈ ਜਾਰੀ ਰਹਿਣ ਤੱਕ ICE ਦੀ ਹਿਰਾਸਤ ਵਿੱਚ ਰੱਖਿਆ ਜਾਵੇਗਾ। ਇਹ ਕਾਰਵਾਈ ਇਹ ਫੈਸਲਾ ਕਰਦੀ ਹੈ ਕਿ ਕਿਸੇ ਗੈਰ-ਨਾਗਰਿਕ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾਵੇਗਾ।