ਸਾਡੇ ਸਮਿਆਂ ਦਾ ਸਮਰੱਥ ਸ਼ਾਇਰ ਵਿਜੈ ਵਿਵੇਕ

1….

ਤੂੰ ਥਲਾਂ ਦੇ ਪਿੰਡੇ ‘ਤੇ ਮਲਕੜੇ ਜਿਹੇ ਬਾਰਿਸ਼ਾਂ ਦੀ ਉਡੀਕ ਲਿਖ।
ਬੜੇ ਗ਼ਲਤ ਪੈ ਗਏ ਨੇ ਪੂਰਨੇ,ਜ਼ਰਾ ਖ਼ੁਦ ਸਮਝ ਕੇ ਤੂੰ ਠੀਕ ਲਿਖ।

ਕਿਤੇ ਦਰਦ-ਵਿਛੋੜੇ ਦਾ ਹਾਲ ਹੈ, ਕਿਤੇ ਯਾਦ,ਕਿਧਰੇ ਖ਼ਿਆਲ ਹੈ,
ਕਿਸੇ ਖ਼ਤ ‘ਚ ਤਾਂ ਮੇਰੇ ਸੋਹਣਿਆ,ਕੋਈ ਆਉਣ ਦੀ ਵੀ ਤਰੀਕ ਲਿਖ।

ਕੋਈ ਨਕਸ਼ ਗੁਜ਼ਰੀ ਬਹਾਰ ਦਾ,ਕੋਈ ਹਰਫ਼ ਬਚਪਨ ਦੇ ਪਿਆਰ ਦਾ,
ਤੈਨੂੰ ਕੋਰਾ ਵਰਕਾ ਪੁਕਾਰਦਾ,ਕਿ ਤੂੰ ਕੁਝ ਨਾ ਕੁਝ ਤਾਂ ਉਲੀਕ,ਲਿਖ।

ਤੈਨੂੰ ਆਪਣਾ ਮੁਨਸਿਫ਼ ਬਣਾ ਲਿਆ,ਤੇਰੇ ਸਾਹਵੇਂ ਖ਼ੁਦ ਨੂੰ ਵਿਛਾ ਲਿਆ
ਲੈ ਵੇ ਕਾਤਿਬਾ,ਚੀਰੀ ਵਾਲਿਆ, ਭਾਵੇਂ ਗੀਤ ਲਿਖ, ਭਾਵੇਂ ਚੀਕ ਲਿਖ।

ਕਿਸੇ ਸਾਜ਼ ਤੰਤੀ ਦੀ ਤਾਰ ਜਿਉਂ,ਕੋਈ ਪਲਕ ਤਿੱਖੀ ਕਟਾਰ ਜਿਉਂ,
ਕਿਸੇ ਰੋਹਿਲੇ ਖੰਡੇ ਦੀ ਧਾਰ ਜਿਉਂ,ਜਾਂ ਕੁਛ ਏਸ ਤੋਂ ਵੀ ਬਰੀਕ ਲਿਖ।

2….
ਮੇਰਾ ਦਿਲਬਰ ਨਹੀਂ ਹੈ ਖ਼ੁਸ਼ ,ਪਰ ਉਹ ਨਾਰਾਜ਼ ਨਹੀਂ ।
ਤਦੇ ਉਸ ਨਾਲ਼ ਕੋਈ ਲਾਗ ਜਾਂ ਲਿਹਾਜ਼ ਨਹੀਂ ।

ਸਦਾ ਤੋਂ ਹਾਂ ਅਤੇ ਸ੍ਰਿਸ਼ਟੀ ਦੇ ਹਰ ਇਕ ਕਣ ਵਿਚ ਹਾਂ,
ਤੇ ਮੇਰੇ ਹੋਣ ‘ਤੇ ਮੈਨੂੰ ਰਤਾ ਵੀ ਨਾਜ਼ ਨਹੀਂ ।

ਡਰਾਉਣੀ ਰਾਤ ਵਿਚ ਬੇਫ਼ਿਕਰ ਹੋ ਕੇ ਸੁੱਤਾ ਹਾਂ,
ਹਾਂ, ਸੁਪਨੇ ਆਉਂਦੇ ਨੇ ਮੈਨੂੰ, ਮੈਂ ਸੁਪਨਸਾਜ਼ ਨਹੀਂ ।

ਇਹ ਜੋ ਤੂਤੀ ਜਿਹੀ ਦਿਨ -ਰਾਤ ਵੱਜਦੀ ਰਹਿੰਦੀ ਹੈ ,
ਇਹ ਪੂਜਾ-ਅਰਚਨਾ, ਨਿੱਤਨੇਮ ਜਾਂ ਨਮਾਜ਼ ਨਹੀਂ ।

ਮੈਂ ਸ਼ੀਸ਼ਾ ਹਾਂ, ਤੂੰ ਸਾਹਵੇਂ ਆ, ਤੇ ਵੇਖ ਲੈ ਚੰਗੂੰ ,
ਕਿ ਮੇਰੀ ਹਿੱਕ ਵਿਚ ਲੁਕਿਆ ਕੋਈ ਵੀ ਰਾਜ਼ ਨਹੀਂ ।

ਇਨ੍ਹਾਂ ਸ਼ਿਅਰਾਂ ‘ਚ ਮਿੱਟੀ ਨੇ ਪੁਕਾਰਿਐ ਤੈਨੂੰ ,
ਸੋ, ਇਹ ਆਵਾਜ਼ ਕਿਸੇ ਗ਼ੈਬ ਦੀ ਆਵਾਜ਼ ਨਹੀਂ ।

3….

ਪਹਿਲਾਂ ਤਾਂ ਇਕ ਜਿਉਂਦਾ ਬੰਦਾ ਸੂਲ਼ੀ ਟੰਗ ਕੇ ਮਾਰਿਆ ਜਾਂਦੈ।
ਫਿਰ ਸੂਲ਼ੀ ‘ਤੋਂ ਇਕ ਮੂਰਤ ਨੂੰ ਇੱਜ਼ਤ ਨਾਲ ਉਤਾਰਿਆ ਜਾਂਦੈ।

ਬਹਿ ਕੇ ਵੇਖ ਰਹੇ ਮੁਰਦੇ ਨੇ, ਗਲ਼ੀਆਂ ਦੇ ਵਿਚ ਧੜ ਤੁਰਦੇ ਨੇ,
ਸਿਰ ਵਾਲ਼ਿਆਂ ਦਾ ਤਾਂ ਏਥੇ ਬਸ ਬੁੱਤ ਬਣਾ ਕੇ ਸਾਰਿਆ ਜਾਂਦੈ।

ਸੌਦਾ-ਪੱਤਾ, ਲੀੜਾ-ਲੱਤਾ,ਰੋਟੀ-ਪਾਣੀ, ਖ਼ਤਮ ਕਹਾਣੀ,
ਜਿਉਣ-ਮਰਨ ਤਾਂ ਐਵੇਂ ਵਾਧੂ ਵਿਸ਼ਿਆਂ ਵਾਂਗ ਵਿਚਾਰਿਆ ਜਾਂਦੈ।

ਮੇਰੀ ਹਿੱਕ ਵਿਚ ਛੁਰੀ ਵਗਾ ਕੇ, ਮੇਰੀ ਸਿਆਣਪ ਪੁੱਛਦੀ ਮੈਨੂੰ,
ਸਿੱਖ ਗਿਐਂ ਕਿ ਹੋਰ ਸਿਖਾਵਾਂ, ਕਿੰਜ ਤਪਦਾ ਦਿਲ ਠਾਰਿਆ ਜਾਂਦੈ।

ਜੇ ਉਸਨੇ ਦਰਵਾਜ਼ਾ ਢੋਇਆ, ਤੂੰ ਏਨਾ ਵਿਆਕੁਲ ਕਿਉਂ ਹੋਇਆ,
ਮੰਦਰ ਮੂਹਰੋਂ ਭਿੱਟਅੰਗਿਆਂ ਨੂੰ ਏਦਾਂ ਹੀ ਦੁਰਕਾਰਿਆ ਜਾਂਦੈ।

4….ਤੇਰੇ ਕੋਲੋਂ ਕੁਝ ਨਈਂ ਹੋਣਾ, ਬਹਿ ਜਾ।
ਛੱਡ ਕੇ ਸਾਰਾ ਰੋਣਾ-ਧੋਣਾ ਬਹਿ ਜਾ

ਜੇਕਰ ਪੈਰਾਂ ‘ਤੇ ਨਈਂ ਖੜ੍ਹਿਆ ਜਾਂਦਾ,
ਕਾਹਦੇ ਲਈ ਸਿਰ ਭਾਰ ਖਲੋਣਾ, ਬਹਿ ਜਾ।

ਚੁੱਲ੍ਹੇ ਚੰਗਿਆੜੀ ਨਾ ਕਣਕ ਭੜੋਲੇ,
ਫਿਰ ਕਿਉਂ ਸੁੱਕਾ ਬਾਲਣ ਢੋਣਾ, ਬਹਿ ਜਾ।

ਹੁਣ ਤਾਂ ਸੱਚ- ਪੁੱਤਰ ਵੀ ਝੂਠਾ ਪੈ ਗਿਆ,
ਬਹਿ ਜਾ ਮੇਰੇ ਯਾਰ ਦਰੋਣਾ ਬਹਿ ਜਾ।

Share:

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।