
ਮਜਬੂਰੀ ਦਾ ਪੁੱਛ ਲਿਆ ਹਾਲ ਸ਼ਤੀਰਾਂ ਨੇ।
ਕੰਧਾਂ ਉੱਤੋਂ ਕਿਉਂ ਲਾਹੀਆਂ ਤਸਵੀਰਾਂ ਨੇ।
ਬੈਠ ਜਹਾਜੀਂ ਉੱਡ ਗਏ ਰਾਂਝੇ ਪਰਤੇ ਨਾ,
ਛੰਨੇ ਹੰਝੂਆਂ ਨਾਲ਼ ਭਰੇ ਹੁਣ ਹੀਰਾਂ ਨੇ।
ਦੁੱਖ ਕਿਸੇ ਨਾ ਵੰਡੇ ਦਿਲ ਦੇ ਕਮਰੇ ‘ਚੋਂ,
ਵੰਡ ਲਿਆ ਉਂਝ ਘਰ ਦਾ ਸਭ ਕੁਝ ਵੀਰਾਂ ਨੇ।
ਸ਼ਹਿਰ ਲਈ ਜੋ ਸੋਹਣੇ ਕੋਟ ਬਣਾਉਂਦਾ ਹੈ,
ਉਸਦੇ ਤਨ ‘ਤੇ ਕਾਹਤੋਂ ਪਾਟੀਆਂ ਲੀਰਾਂ ਨੇ।
ਉਹਨਾਂ ਕਰ ਕੇ ਮਿੱਟੀ ਖ਼ੁਸ਼ਬੂ-ਖ਼ੁਸ਼ਬੂ ਹੈ,
ਖੂਨ ਵਹਾਇਆ ਇਥੇ ਜਿਹਨਾਂ ਸਰੀਰਾਂ ਨੇ।
ਰੋਟੀ ਨਿਗਲ਼ ਗਈ ਹੈ ਸਾਡੇ ਹੁਨਰਾਂ ਨੂੰ,
ਮੱਛੀ ਦੀ ਅੱਖ ਵਿੰਨਣੀ ਸੀ ਉਂਝ ਤੀਰਾਂ ਨੇ।
••
ਇਕ ਦਿਨ ਉਸਦੇ ਦਿਲ ‘ਚੋਂ ਬਾਹਰ ਆਵਾਗਾਂ।
ਇੱਕ ਤਲਾਬ ‘ਚ ਕਿੰਨੀ ਤਾਰੀ ਲਾਵਾਂਗਾ।
ਦਾਇਰੇ ਅੰਦਰ ਜੀਣਾ ਮੌਤ ਬਰਾਬਰ ਹੈ,
ਗਮਲੇ ਤੋਂ ਫੁੱਲਾਂ ਦੀ ਜਾਨ ਬਚਾਵਾਂਗਾ।
ਅੰਬਰ ਹਾਂ ਇੱਥੇ ਹਰ ਕੋਈ ਉੱਡ ਸਕਦੈ,
ਪਰ ਮੈਂ ਖ਼ੁਦ ਨੂੰ ਪਿੰਜਰਾ ਨਹੀਂ ਬਣਾਵਾਂਗਾ।
ਮੇਰੇ ਹਾਸੇ ਨੀਂਦਾਂ ਜਿਸ ਨੇ ਕੈਦ ਕਰੇ,
ਕੇਰਾਂ ਉਸ ਦਿਲ ਦਾ ਕੁੰਡਾ ਖੜਕਾਵਾਂਗਾ।
ਛੋਟਾ ਭਾਂਡਾ ਛੇਤੀ ਭਰਦਾ ਕਹਿੰਦੇ ਜੋ,
ਵੱਡੇ ਭਾਂਡੇ ਬੇਸਬਰੇ ਦਰਸਾਵਾਂਗਾ।
ਇਸ ਵਾਰੀ ਤਾਂ ਤੀਰ ਨਿਸ਼ਾਨੇ ਲੱਗੇਗਾ,
‘ਗੂਠਾ ਮੰਗਣ ਵਾਲੀ ਗੱਲ ਠੁਕਰਾਵਾਗਾਂ।
•••
ਮੇਰੇ ਉੱਤੇ ਏਨਾ ਹੀ ਅਹਿਸਾਨ ਕਰੇ ।
ਵਕਤ ਅਜੇ ਨਾ ਰਿਸਦੇ ਸਾਰੇ ਜ਼ਖ਼ਮ ਭਰੇ।
ਮੇਰੇ ਅੰਦਰ ਮੈਂ ਹੀ ਰਹਿਣਾ ਚਾਹੁੰਦਾ ਹਾਂ,
ਇੱਥੇ ਦੂਜਾ ਕੋਈ ਵੀ ਨਾ ਪੈਰ ਧਰੇ।
ਯਾਦ ਤੇਰੀ ਦਾ ਜੰਗਲ ਹੈ ਇੱਕ ਮੇਰੇ ਵਿਚ,
ਹੋ ਜਾਂਦੇ ਨੇ ਪੱਤੇ ਜਿਸਦੇ ਰੋਜ਼ ਹਰੇ ।
ਝੀਲ ਜਿਹੀ ਇੱਕ ਅੱਖ ‘ਚੋਂ ਨਿੱਕਲ ਆਇਆ ਹਾਂ,
ਇੱਕੋ ਥਾਂ ‘ਤੇ ਏਨਾ ਦੱਸੋ ਕੌਣ ਤਰੇ ।
ਹੱਸਦਾ ਹੋਇਆ ਜਿਹੜਾ ਥੋਨੂੰ ਬੁੱਤ ਦਿਸੇ,
ਉਸਦੇ ਪਿੱਛੇ ਇੱਕ ਪੱਥਰ ਨੇ ਦਰਦ ਜਰੇ।
ਆ ਜਾਂਦੀ ਹੈ ਜਾਚ ਉਦੋਂ ਫਿਰ ਜੀਣੇ ਦੀ,
ਇੱਕੋ ਦਿਨ ਵਿੱਚ ਜਦ ਬੰਦਾ ਸੌ ਵਾਰ ਮਰੇ।
••
ਮਰ ਗਿਆ ਸਾਂ ਮੈਂ ਕਦੋਂ ਦਾ, ਪਰ ਅਜੇ ਵੀ ਤੜਫਦਾ।
ਇਹ ਮੇਰੇ ਸੀਨੇ ‘ਚ ਕਿਸਦਾ, ਦਿਲ ਪਿਆ ਹੈ ਧੜਕਦਾ।
ਕਤਲ ਹੋਏ ਖ਼ਾਬ ਭਾਵੇਂ ਸਭ ਮੇਰੇ ਇਸ ਸ਼ਹਿਰ ਵਿੱਚ,
ਹੁਣ ਮੇਰੀ ਇਸ ਅੱਖ ਵਿੱਚ ਸੁਪਨਾ ਹੈ ਕਿਸਦਾ ਰੜਕਦਾ।
ਇਹ ਗਲ਼ੇ ਵਿੱਚ ਤਾਂ ਪਵੇ ਰੱਸਾ ਬੜੀ ਹੀ ਦੇਰ ਨੂੰ,
ਪਰ ਇਹ ਪਹਿਲਾਂ ਤੋਂ ਰਹੇ, ਬੰਦੇ ਦੇ ਅੰਦਰ ਲਟਕਦਾ।
ਕਿਸ ਤਰ੍ਹਾਂ ਹੁਣ ਨਾਲ਼ ਤੁਰਦੇ ਇੱਕ ਦੂਜੇ ਦੇ ਅਸੀਂ,
ਉਹ ਤਾਂ ਉੱਡੇ ਅੰਬਰਾਂ ‘ਤੇ, ਮੈਂ ਹਾਂ ਰਾਹੀ ਸੜਕ ਦਾ।
ਆ ਗਿਆ ਤੇਰਾ ਹੀ ਜਾਪੇ ਪਰ ਤੇਰਾ ਹੁੰਦਾ ਨਹੀਂ,
ਮੈਂ ਉਠਾਂ ਇਕਦਮ ਉਦੋਂ ਜਦ ਫੋਨ ਮੇਰਾ ਖੜਕਦਾ।
•••
ਨਵਾਂ ਹਰ ਰੋਜ਼ ਚਿਹਰੇ ‘ਤੇ, ਜੋ ਚਿਹਰਾ ਇੱਕ ਧਰਦਾ ਹੈ।
ਅਦਾਕਾਰੀ ਮੁਹੱਬਤ ਦੀ, ਬੜੀ ਹੀ ਖ਼ੂਬ ਕਰਦਾ ਹੈ।
ਉਹਦੇ ਘਰ ਵਿਚ ਕਿਸੇ ਦੀਵਾਰ ਤੇ, ਸ਼ੀਸ਼ਾ ਨਹੀਂ ਮਿਲਦਾ,
ਉਹ ਸ਼ਾਇਦ ਸੱਚ ਅੱਗੇ, ਰੂਬਰੂ ਹੋਣੇ ਤੋਂ ਡਰਦਾ ਹੈ।
ਜ਼ਰਾ ਨਜ਼ਦੀਕ ਤੋਂ ਵੇਖੀਂ ਤੂੰ, ਹੈ ਕਿਰਦਾਰ ਉਸਦਾ ਕੀ,
ਕਿ ਪਰਦੇ ਪਿੱਛੇ ਵੀ ਉਸਦੇ, ਅਜੇ ਇਕ ਹੋਰ ਪਰਦਾ ਹੈ।
ਉਠਾ ਕੇ ਲੈ ਗਏ ਸੱਸੀ ਨੂੰ, ਹੁਣ ਉਹ ਤਾਂ ਜਹਾਜ਼ਾਂ ‘ਤੇ,
ਥਲਾਂ ਦੇ ਵਿੱਚ ਪੁੰਨੂੰ ਪੈੜ ਦਾ, ਕਿਉਂ ਪਿੱਛਾ ਕਰਦਾ ਹੈ?
ਨਹੀਂ ਹੈ ਸਮਝ ਮੈਨੂੰ, ਕਿਸ ਤਰ੍ਹਾਂ ਦਾ ਹੈ ਇਹ ਆਸ਼ਿਕ?
ਜਿਹੜਾ ਹੰਝੂ ਸਜਾ ਕੇ ਆਪਣੇ, ਸ਼ੋਅਕੇਸ ਧਰਦਾ ਹੈ।
ਕਰੇ ਦਿਲ ਬਹੁਤ, ਦਿਲ ਦਾ ਹਾਲ ਲਿਖ ਦੇਵਾਂ ਐਪਰ,
ਬੜਾ ਅਫ਼ਸੋਸ ਇਹ ਮੈਨੂੰ, ਪਤਾ ਨਾ ਉਸਦੇ ਘਰ ਦਾ ਹੈ।