ਗਾਜ਼ਾ ਦੇ ਸ਼ੈਤਾਨ ਬੱਚਿਆਂ ਦੇ ਨਾਮ
- ਖ਼ਾਲਿਦ ਜੁਮਾ
ਓ ਗ਼ਜ਼ਾ ਦੇ ਸ਼ੈਤਾਨ ਬੱਚਿਓ !
ਤੁਸੀਂ ਜੋ ਮੇਰੇ ਘਰ ਦੇ ਬਾਹਰ
ਗਲੀ ਵਿਚ ਪਾਉਂਦੇ ਸੀ ਰੌਲਾ ਰੱਪਾ
ਕਰ ਦਿੰਦੇ ਸੀ ਨੱਕ ‘ਚ ਦਮ
ਤੁਸੀਂ ਜਿਨ੍ਹਾਂ ਨੇ ਭੰਨ ਦਿੱਤਾ ਸੀ
ਮੇਰਾ ਪਿਆਰਾ ਫੁੱਲਦਾਨ
ਤੇ ਤੋੜ ਲਿਆ ਸੀ ਬਾਰੀ ਦੇ ਬਾਹਰ ਖਿੜਿਆ
ਇਕਲੌਤਾ ਫੁੱਲ
ਮੁੜ ਆਓ ਯਾਰ !
ਖੂਬ ਪਾਓ ਰੌਲਾ
ਰੱਜ ਕੇ ਕਰੋ ਸ਼ਰਾਰਤਾਂ
ਤੋੜ ਦੇਵੋ ਸਾਰੇ ਗਮਲੇ
ਚੁਰਾ ਲਓ ਸਾਰੇ ਫੁੱਲ
ਮੁੜ ਆਓ ਯਾਰ …
ਬਸ ਮੁੜ ਆਓ
ਫਲਸਤੀਨ ਵਿਚ
- ਅਗਿਆਤ
ਦੋਸਤਾਂ ਵਿਚੋਂ
ਦੋਸਤਾਂ ਜਿਹੀ ਗੰਧ ਨਹੀਂ ਆਉਂਦੀ
ਹਸਪਤਾਲਾਂ ਜਿਹੀ ਗੰਧ ਆਉਂਦੀ ਹੈ
ਹਸਪਤਾਲਾਂ ਚੋਂ
ਹਸਪਤਾਲਾਂ ਜਿਹੀ ਗੰਧ ਨਹੀਂ ਆਉਂਦੀ
ਕਬਰਸਤਾਨਾਂ ਜਿਹੀ ਗੰਧ ਆਉਂਦੀ ਹੈ
ਕਬਰਸਤਾਨਾਂ ਚੋਂ
ਕਬਰਸਤਾਨਾਂ ਜਿਹੀ ਗੰਧ ਨਹੀਂ ਆਉਂਦੀ
ਦੋਸਤਾਂ ਜਿਹੀ ਗੰਧ ਆਉਂਦੀ ਹੈ
ਫਲਸਤੀਨ ਵਿਚ
ਔਖਾ ਕੰਮ ~
- ਮੁਸਾਬ ਅਬੂ ਤੋਹਾ
ਗਾਜ਼ਾ ‘ਚ
ਸਾਹ ਲੈਣਾ ਇੱਕ ਕੰਮ ਹੈ,
ਮੁਸਕਰਾਉਣਾ
ਖੁਦ ਦੇ ਚਿਹਰੇ ‘ਤੇ
ਪਲਾਸਟਿਕ ਸਰਜਰੀ ਕਰਨਾ ਹੈ
ਤੇ ਉੱਠਣਾ ਸਵੇਰੇ
ਇਕ ਹੋਰ ਦਿਨ ਜਿਉਂਦੇ ਰਹਿਣ ਦਾ
ਜਤਨ ਕਰਨਾ ਹੈ
ਮ੍ਰਿਤਕਾਂ ਦੀ ਸੂਚੀ ਵਿਚੋਂ
ਵਾਪਸ ਆਉਣਾ ਹੈ
_
ਪਰਿਵਾਰਕ ਤਸਵੀਰ
- ਹਿਬਾ ਅਬੂ ਨਾਦਾ
ਸਾਡੀਆਂ ਪਰਿਵਾਰਕ ਤਸਵੀਰਾਂ
ਅੰਗਾਂ ਨਾਲ ਭਰਿਆ ਝੋਲਾ
ਰਾਖ ਦਾ ਇੱਕ ਢੇਰ
ਨੇੜੇ ਨੇੜੇ ਰੱਖੇ
ਵੱਖ ਵੱਖ ਅਕਾਰਾਂ ਦੇ ਪੰਜ ਕਫ਼ਨ
ਅਲੱਗ ਨੇ
ਗਾਜ਼ਾ ‘ਚ ਪਰਿਵਾਰਕ ਤਸਵੀਰਾਂ
ਪਰ ਉਹ ਆਪ ਸੰਗ ਸਾਥ ਨੇ
ਸੰਗ ਸਾਥ ਸੀ
ਤੇ ਤੁਰ ਜਾਣਗੇ ਇਕੱਠੇ ਹੀ …
_
ਦੁਖੀ ਮਾਂ
- ਮੁਹੰਮਦ ਮੂਸਾ
ਜਦੋਂ ਵੀ
ਸਾਡੇ ਸ਼ਹਿਰ ਵਿਚ
ਕੋਈ ਦੁਖੀ ਮਾਂ
ਬੁਰਕਾ ਪਾੜ ਕੇ ਰੋਂਦੀ ਹੈ
ਤਾਂ ਲਗਦਾ ਹੈ ਜਿਵੇਂ
ਇੱਕ ਟੁਕੜਾ ਅਸਮਾਨ ਦਾ
ਟੁੱਟ ਕੇ ਬਿਖਰ ਗਿਆ ਹੈ…
ਅਨੁਵਾਦ ਤੇ ਸੰਜੋਗੀ : ਗੁਰਪ੍ਰੀਤ