1.ਮੌਸਮੀ ਰਿਸ਼ਤੇ ( ਕਵਿਤਾ )

ਮੈਂ ਬਹੁਤ ਉਦਾਸ ਹਾਂ
ਮੌਸਮੀ ਜਿਹੇ ਰਿਸ਼ਤਿਆਂ ਤੋਂ ।

ਹੁਣ ਮੈਂ ਕਿਸੇ ਦਾ ,
ਮੂੰਹ ਬੋਲਿਆ ਵੀਰ ਨਹੀਂ ਬਣਨਾ
ਨਾ ਹੀ ਮੈਂ ਕਿਸੇ ਦਾ
ਕੋਈ ਖ਼ਾਸ ਦੋਸਤ ਬਣਨਾ ਹੈ ।

ਪਿਆਰ ਮੁਹੱਬਤ ਦੀ ਤਾਂ
ਗੱਲ ਹੀ ਛੱਡੋ,
ਇਹ ਤਾਂ ਸੂਲ਼ਾਂ ਵਾਂਗੂੰ ਚੁਭਦੀ ਹੈ ।

ਆਸ਼ਕੀ ਦੇ ਕਿੱਸਿਆਂ ਦਾ
ਕੀ ਕਹਿਣਾ.
ਜੋ ਚੰਦਨ ਜਿਹਾ ਸਰੀਰ
ਸੁਆ ਕਰਕੇ ਰੱਖ ਦਿੰਦੇ ਹਨ ।

—— ਪਵਿੱਤਰ ਧਾਲੀਵਾਲ ।

2 .ਕਵਿਤਾ
ਜਦ ਵੀ ਮੈਂ ਕਵਿਤਾ ਲਿਖਦਾ ਹਾਂ, ਤਾਂ ਸ਼ਬਦਾਂ ਦਾ ਦਰਿਆ ਤਰਦਾ ਹਾਂ
ਚੁਣ ਚੁਣ ਖ਼ੂਬਸੂਰਤ ਸ਼ਬਦਾਂ ਨੂੰ, ਆਪਣੀ ਸੱਖਣੀ ਝੋਲੀ ਭਰਦਾ ਹਾਂ

ਵਾਪਰਦਾ ਹੈ ਜੋ ਕੁਝ ਇਰਦ ਗਿਰਦ ਮੇਰੇ ਉਸ ਅਣਹੋਣੀ ਤੋਂ ਡਰਦਾ ਹਾਂ
ਸ਼ਬਦਾਂ ਦੇ ਸੰਗ ਹੀ ਸਹੀ ਪਰ ਆਪਣੇ ਲੋਕਾਂ ਦੀ ਢਾਲ ਬਣਕੇ ਲੜਦਾ ਹਾਂ

ਨਿੱਘਰਦਾ ਜਾ ਰਿਹੈ ਸਮਾਜ ਮੇਰਾ, ਖੌਰ਼ੇ ਕਿਉਂ ? ਕਹਿ ਕੇ ਨਹੀਂ ਸਰਦਾ ਹੈ
ਸਮਾਜਿਕ ਕਦਰਾਂ ਬਚਾਉਣ ਲਈ , ਮੈਂ ਕੁਝ ਲਿਖਣ ਦਾ ਹੀਆ ਕਰਦਾ ਹਾਂ

3.ਪਵਿੱਤਰ ਧਾਲੀਵਾਲ ।
Edmonton Canada 🍁

ਦੇਸੀ ਜਿਹਾ ਬੰਦਾ ( ਕਵਿਤਾ )

ਦੇਸੀ ਜਿਹਾ ਬੰਦਾ ਹਾਂ
ਦੇਸੀ ਜਿਹੀ ਗੱਲ ਬਾਤ ਆ ।

ਪਰ , ਇੱਕ ਗੱਲ ਪੱਕੀ ਆ
ਦਿਲ ਦਾ ਜਮਾਂ ਸਾਫ ਆ ।

ਮੁਹੱਬਤ ਨੂੰ ਭਾਵੇਂ
ਲਬਾਰਟਰੀ ਚ ਚੈੱਕ ਕਰ ਲਵੀਂ ।

ਇਹ ਪਵਿੱਤਰ ਆ
ਇਹ ਪਾਕ ਆ
ਰੱਬ ਦੇ ਸੱਚੇ ਭਗਤ ਜਿਹੀ
ਜਮਾਂ ਚਿੱਟੀ ਪੱਗ ਵਰਗੀ
ਮੇਰੀ ਰੂਹ ਨੂੰ,
ਜਦ ਮਰਜ਼ੀ ਪਰਖ ਲਵੀਂ,
ਇਹ ਪੂਰੀ ਦੀ ਪੂਰੀ ਬੇ-ਦਾਗ਼ ਆ ।

—- ਪਵਿੱਤਰ ਧਾਲੀਵਾਲ

2.ਯਾਰ ਅਣਮੁੱਲੇ ( ਕਵਿਤਾ )

ਨਾ ਛੇੜ ਤੂੰ ਅੱਲੇ ਜਖ਼ਮਾਂ ਨੂੰ
ਇਹ ਰੋਂਦੇ ਵਰਾਏ ਨਹੀਂ ਜਾਣੇ
ਜੋ ਦਿਲ ਵਿੱਚ ਵੱਸਦੇ ਮੁੱਦਤਾਂ ਤੋਂ
ਉਹ ਯਾਰ ਭੁਲਾਏ ਨਹੀਂ ਜਾਣੇ ।

ਜੋ ਪੱਥਰ ਦੀ ਲਕੀਰ ਵਾਂਗੂੰ
ਉੱਕਰੇ ਨੇ ਮੇਰੇ ਦਿਲ ਉੱਤੇ
ਉਹ ਗੱਲੀਂ ਬਾਤੀਂ ਵੇ ਸੱਜਣਾ
ਦਿਲੋਂ ਮਿਟਾਏ ਨਹੀਂ ਜਾਣੇ ।

ਉਹ ਕਿਸਮਤ ਨਾਲ ਮਿਲੇ ਮੈਨੂੰ
ਜੋ ਕਰਦੇ ਗੱਲਾਂ ਹੱਸ ਹੱਸ ਕੇ
ਰਹਿਣ ਸਦਾ ਓਹ ਨਾਲ ਮੇਰੇ
ਮੈਥੋਂ ਯਾਰ ਗੁਆਏ ਨਹੀਂ ਜਾਣੇ ।

ਜੋ ਮੋਢੇ ਨਾਲ ਮੋਢਾ ਜੋੜ ਸਦਾ
ਨਾਲ ਪਵਿੱਤਰ ਖੜਦੇ ਰਹੇ
ਐਸੇ ਯਾਰ ਅਣਮੁੱਲੇ ਕੀ ਦੱਸਾਂ
ਵਾਰ ਵਾਰ ਕਮਾਏ ਨਹੀਂ ਜਾਣੇ ।

—— ਪਵਿੱਤਰ ਧਾਲੀਵਾਲ ।

4.ਮਾਯੂਸ ਮਨ ( ਕਵਿਤਾ )

ਪਤੀ ਸ਼ਰਾਬ ਦੀ ਭੇਂਟ ਚੜ੍ਹ ਗਿਆ ।
ਪੁੱਤ ਚਿੱਟਾ ਪੀ ਕੇ ਮਰ ਗਿਆ ।

ਜੰਗਲ ਰਾਜ ਦੀ
ਆਮਦ ਹੋਈ
ਕਮੀਨਿਆਂ ਦੀਆਂ ਨਜ਼ਰਾਂ
ਬਗਿਆੜ ਬਣ ਗਈਆਂ
ਤ੍ਰੀਮਤ ਜਾਤ ਦੇ ਅੰਦਰ
ਇਕ ਮਰਦ ਜਗਾਉਣਾ ਪਿਆ ।

ਐਮ ਏ ਦੀ ਡਿਗਰੀ,
ਗਿੱਧਿਆਂ ਦੀ ਰਾਣੀ
ਹੁਸਨ ਦੀ ਮਲਕਾ
ਸਿਰ ਤੇ ਰੱਖਿਆ
ਗੋਹੇ ਦਾ ਟੋਕਰਾ
ਦੇਖ ਕੇ , ਗੁੱਝਾ ਹਾਸਾ ਹੱਸੀਆਂ ।

ਮਰਜ਼ੀ ਦਾ ਵਿਆਹ
ਮੂੰਹ ਚਿੜਾਉਣ ਲੱਗਿਆ
ਆਪਣਿਆਂ ਦੀ ਯਾਦ ਆਈ
ਨੈਣਾਂ ਦੇ ਹੰਝੂਆਂ ਦੀ ਨਦੀ ਵਹਿ ਤੁਰੀ ।

ਆਪਣੇ ਆਪ ਨੂੰ ਕੋਸਿਆ
ਸਮਾਜ ਨੂੰ ਕੋਸਿਆ
ਸਰਕਾਰਾਂ ਨੂੰ ਕੋਸਿਆ
ਉਦਾਸ ਹੋ ਕੇ ਬੈਠ ਗਈ ।

ਖ਼ਿਆਲ ਆਇਆ
ਮਾਯੂਸੀ ਦੀ ਮੌਤ ,
ਖ਼ੁਦਕੁਸ਼ੀ ਵਰਗੀ ਹੁੰਦੀ ਹੈ ।

ਹਨ੍ਹੇਰੀ ਰਾਤ ਵਿੱਚ
ਟਿਮ-ਟਿਮਾਉਂਦਾ
ਟਿਟਿਆਣਾ ਦਿਸਿਆ ।
ਕਿਤਾਬਾਂ ਨੂੰ
ਦੁਆ ਸਲਾਮ ਕੀਤੀ
ਮਰੇ ਹੋਏ ਮਨ ਨੂੰ ਝੰਜੋੜਿਆ
ਬੁਝਿਆ ਦੀਪ ਜਗ ਪਿਆ
ਆਪਣਾ ਆਪ ਜਿਉਂਦਾ ਲੱਗਣ ਲੱਗਿਆ ।

ਸਮਾਜਿਕ ਕੁਰਤੀਆਂ , ਤੇ
ਮਾੜੇ ਸਿਸਟਮ ਖ਼ਿਲਾਫ਼
ਡਾਂਗ ਕੱਢ ਕੇ ਤੁਰ ਪਈ , ਤਾਂ
ਆਪਣੇ ਆਪ ਤੇ
ਜਿਉਂਦੇ ਹੋਣ ਦਾ
ਮਾਣ ਮਹਿਸੂਸ ਹੋਇਆ ।

——- ਪਵਿੱਤਰ ਧਾਲੀਵਾਲ ।

Share:

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।