ਮਨੁੱਖ ਨੇ ਆਪਣੀਆਂ ਸਹੂਲਤਾਂ ਲਈ ਸਮੇਂ – ਸਮੇਂ ‘ਤੇ ਵੱਖੋ – ਵੱਖ ਸਾਧਨ ਜੁਟਾਏ ਹਨ । ਆਪਣੇ ਆਪ ਨੂੰ ਸੁਖੀ ਅਤੇ ਖੁਸ਼ ਰੱਖਣ ਦਾ ਹਰ ਸੰਭਵ ਯਤਨ ਕੀਤਾ ਹੈ ਅਤੇ ਇਹ ਯਤਨ ਨਿਰੰਤਰ ਜਾਰੀ ਹੈ ਲੇਕਿਨ ਜਿਵੇਂ – ਜਿਵੇਂ ਸਮਾਂ ਬਦਲਦਾ ਹੈ ਮਨੁੱਖ ਦੀ ਸੋਚ ਅਤੇ ਸਮਝ ਵਿੱਚ ਵੀ ਤਬਦੀਲੀ ਆਉਂਦੀ ਰਹਿੰਦੀ ਹੈ ਅਤੇ ਉਹ ਹੋਰ ਅੱਗੇ ਵਧਣ ਵਾਰੇ ਸੋਚਦਾ ਹੈ – ਉਪਰਾਲੇ ਕਰਦਾ ਹੈ ਭਾਵ ਨਵੀਆਂ – ਨਵੀਆਂ ਖੋਜਾਂ ਕਰਕੇ ਸਮਾਜ ਨੂੰ ਬਹੁਤ ਕੁੱਝ ਦੇਣ ਦੀ ਕੋਸ਼ਿਸ਼ ਕਰਦਾ ਹੈ ਅਤੇ ਅੱਜ ਮੋਬਾਈਲ ਤੇ ਇੰਟਰਨੈੱਟ ਵੀ ਇਸੇ ਕੋਸ਼ਿਸ਼ ਦਾ ਨਤੀਜਾ ਹਨ । ਅੱਜ ਮੋਬਾਈਲ ਲੋਕਾਂ ਦੇ ਹੱਥਾਂ ਵਿੱਚ ਆਉਣ ਤੋਂ ਬਾਅਦ ਮਨੋਰੰਜਨ ਦੇ ਨਾਲ – ਨਾਲ ਸਮਾਜ ਦੇ ਜਿਵੇਂ ਲੱਗਭਗ ਬਾਕੀ ਸੰਸਾਧਨਾਂ ਦੀਆਂ ਪਰਿਭਾਸ਼ਾਵਾਂ ਵੀ ਬਦਲ ਗਈਆਂ ਹਨ ਕਿਓਂਕਿ ਅੱਜ ਹਰ ਉਮਰ , ਹਰ ਵਰਗ ਅਤੇ ਹਰ ਖੇਤਰ ਨਾਲ ਜੁੜੇ ਲੋਕ ਮੋਬਾਈਲ ਦੀ ਵਰਤੋ ਕਰ ਰਹੇ ਹਨ ਕਹਿਣ ਦਾ ਭਾਵ ਕਿ ਅੱਜ ਮੋਬਾਈਲ ਸਾਡੀ ਇੱਕ ਵੱਡੀ ਜਰੂਰਤ ਬਣ ਗਿਆ ਹੈ ਹਾਲਾਂਕਿ ਭਵਿੱਖ ਵਿੱਚ ਇਸ ਮੋਬਾਈਲ ਅਤੇ ਇੰਟਰਨੈੱਟ ਦੇ ਸੰਬੰਧ ਵਿੱਚ ਹੋਰ ਕੀ – ਕੀ ਤਬਦੀਲੀ ਦੇਖਣ ਨੂੰ ਮਿਲੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਅੱਜ ਮੋਬਾਈਲ ਸਦਕਾ ਇੰਝ ਲੱਗਦਾ ਹੈ ਜਿਵੇਂ ਦੁਨੀਆਂ ਮੁੱਠੀ ਵਿੱਚ ਆ ਗਈ ਹੈ ਲੇਕਿਨ ਅੱਜ ਸੋਸ਼ਲ ਮੀਡੀਆ ਦੇ ਇੱਕ ਖਾਸ ਪਹਿਲੂ ਦੇ ਬਾਰੇ ਅੱਜ ਅਸੀਂ ਜਰੂਰ ਚਰਚਾ ਕਰਾਂਗੇ ਅਰਥਾਤ ਅਸੀਂ ਗੱਲ ਕਰਨ ਜਾ ਰਹੇ ਹਾਂ ਅਜੋਕੇ ਸਮੇਂ ਵਿੱਚ ਸੋਸ਼ਲ ਮੀਡੀਆ ‘ਤੇ ਚੱਲਦੀਆਂ ਰੀਲਾਂ ਦੀ ਮਤਲਬ ਕਿ ਅਜੋਕੇ ਸਮੇਂ ਵਿੱਚ ਰੀਲਾਂ ਦੀ ਦੁਨੀਆਂ ਬਹੁਤ ਵਿਸ਼ਾਲ ਹੋ ਗਈ ਹੈ ਅਲਬਤਾ ਬੰਦਾ ਰੀਲਾਂ ਦੇਖ ਕੇ ਆਪਣਾ ਮਨ ਵੀ ਵਹਿਲਾ ਸਕਦਾ ਹੈ ਅਤੇ ਬਿਨਾਂ ਕਿਸੇ ਬੋਰੀਅਤ ਦੇ ਸਮਾਂ ਵੀ ਬਤੀਤ ਕਰ ਸਕਦਾ ਹੈ ਬਸ ਫੋਨ ਦੀ ਸਕਰੀਨ ਨੂੰ ਸਕ੍ਰੋਲ ਕਰਦੇ ਜਾਓ ਅਤੇ ਰੀਲਾਂ ਦੇਖਦੇ ਜਾਓ । ਅੱਜ ਸੋਸ਼ਲ ਮੀਡੀਆ ‘ਤੇ ਹਰ ਕਿਸਮ ਦੇ ਲੋਕ ਬਿਰਾਜਮਾਨ ਹਨ ਜੋ ਕਿ ਆਪੋ – ਆਪਣੀ ਬੁੱਧੀਮਤਾ ਅਨੁਸਾਰ ਲੋਕਾਂ ਨਾਲ ਆਪਣੇ ਤਰਕ – ਵਿਤਰਕ ਸਾਂਝੇ ਕਰਦੇ ਰਹਿੰਦੇ ਹਨ ਪ੍ਰੰਤੂ ਮਾਫ਼ ਕਰਨਾ ਕਿਓਂਕਿ ਕੁੱਝ ਰੀਲਾਂ ਦੇਖ ਕੇ ਕਈ ਵਾਰੀ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਕਿ ਸਾਰੀ ਦੁਨੀਆਂ ਹੀ ਅਕਲਮੰਦ ਅਤੇ ਮਾਹਿਰ ਹੋ ਗਈ ਹੈ । ਅੱਜ ਦੁਨੀਆਂ ਭਰ ਦੇ ਲੋਕ ਪ੍ਰਸਾਰ ਅਤੇ ਪ੍ਰਚਾਰ ਕਰਨ ਵਿੱਚ ਲੱਗੇ ਹੋਏ ਹਨ ਜਦਕਿ ਕੁੱਝ ਰੀਲਾਂ ਦੇਖ ਕੇ ਲੋਕ ਕਿਸੇ ਦੀ ਪ੍ਰਸੰਸਾ ਘੱਟ ਉਲਟਾ ਉਸਦੀ ਬੇ-ਇੱਜ਼ਤੀ ਵੱਧ ਕਰਦੇ ਹਨ ਸ਼ਾਇਦ ਇਸ ਕਰਕੇ ਵੀ ਕਿਓਂਕਿ ਕਈ ਸੱਜਣ ਤਾਂ ਫਾਲਤੂ ਦੀ ਬਕਵਾਸ ਕਰਦੇ ਰਹਿੰਦੇ ਹਨ । ਸੋਚਣ ਵਾਲੀ ਗੱਲ ਇਹ ਵੀ ਹੈ ਕਿ ਅੱਜ ਲੋਕਾਂ ਦੀ ਜ਼ਿੰਦਗੀ ਕਈ ਪੱਖੋਂ ਇਸ ਮੋਬਾਈਲ ਕਾਰਨ ਖ਼ਤਰੇ ਵਿੱਚ ਵੀ ਆ ਗਈ ਹੈ । ਲੋਕੀ ਸੋਸ਼ਲ ਮੀਡੀਆ ‘ਤੇ ਕਿਸੇ ਦੇ ਨਿੱਜੀ ਪਲਾਂ ਦੀ ਵੀਡੀਓ ਵਾਇਰਲ ਕਰ ਦਿੰਦੇ ਹਨ ਜਾਂ ਫਿਰ ਜਾਣੇ – ਅਣਜਾਣੇ ਵਿੱਚ ਗ਼ਲਤੀ ਨਾਲ ਆਪ ਹੀ ਵੀਡੀਓ ਅਪਲੋਡ ਹੋ ਜਾਂਦੀ ਹੈ ਬਾਕੀ ਏ , ਆਈ ਦੀ ਮਦਦ ਨਾਲ ਤਾਂ ਕਿਸੇ ਦੀ ਫੋਟੋ ਜਾਂ ਵੀਡੀਓ ਦਾ ਕੁਝ ਤੋ ਕੁਝ ਬਣਾਇਆ ਜਾ ਸਕਦਾ ਹੈ ਹਾਲਾਂਕਿ ਕਿਸੇ ਦੀ ਰਜਾਮੰਦੀ ਤੋਂ ਵਗੈਰ ਉਸਦੀ ਵੀਡੀਓ ਬਣਾਉਣਾ ਜਾਂ ਉਸਨੂੰ ਜਨਹਿੱਤ ਕਰਨਾ ਕਾਨੂੰਨੀ ਤੌਰ ‘ਤੇ ਸੰਗੀਨ ਅਪਰਾਧ ਹੈ , ਲਿਹਾਜਾ ਮੋਬਾਈਲ ਦੀ ਬਦੌਲਤ ਸਮਾਜ ਵਿੱਚ ਅਪਰਾਧ ਵੱਧ ਰਹੇ ਹਨ ਦੂਜਾ ਧੋਖਾ – ਧੜੀ ਅਤੇ ਬਲੈਕਮੇਲਿੰਗ ਆਮ ਹੋ ਗਈ ਹੈ ਲੋਕੀਂ ਚੰਦ ਪਲਾਂ ਵਿੱਚ ਕੰਗਾਲ ਹੋ ਜਾਂਦੇ ਹਨ । ਠੱਗਾਂ ਅਤੇ ਵਿਹਲੇ ਲੋਕਾਂ ਲਈ ਤਾਂ ਮੋਬਾਈਲ ਅਤੇ ਇੰਟਰਨੈੱਟ ਜਿਵੇਂ ਕਿਸੇ ਵਰਦਾਨ ਤੋਂ ਘੱਟ ਨਹੀਂ ਹਨ , ਉਂਝ ਵੀ ਦੇਖਿਆ ਜਾਵੇ ਤਾਂ ਅੱਜਕੱਲ੍ਹ ਕਿਸੇ ਦੀ ਕੋਈ ਖਾਸ ਪਰਦਾਦਾਰੀ ਨਹੀਂ ਰਹੀ ਹੈ ਕਿਓਂਕਿ ਇੱਕ ਤਾਂ ਲੋਕ ਖੁਦ ਸੋਸ਼ਲ ਮੀਡੀਆ ਉੱਪਰ ਦਿਖਾਵਾ ਕਰਨ ਲੱਗ ਪਏ ਹਨ ਦੂਜਾ ਲੋਕੀ ਰੀਲਾਂ ਤੋਂ ਪ੍ਰਭਾਵਿਤ ਹੋ ਕੇ ਰੀਸਾਂ ਵੀ ਬਹੁਤ ਕਰਦੇ ਹਨ । ਪੈਸੇ ਅਤੇ ਸਮੇਂ ਦੀ ਬਰਬਾਦੀ ਤਾਂ ਚਲੋ ਹੁੰਦੀ ਹੈ ਹੀ ਬਲਕਿ ਨੁਮਾਇਸ਼ ਦਾ ਵੀ ਖੂਬ ਪ੍ਰਸਾਰ ਹੋ ਰਿਹਾ ਹੈ । ਮਸ਼ਹੂਰ ਹੋਣ ਲਈ ਤੇ ਕਮਾਈ ਕਰਨ ਲਈ ਲੋਕੀ ਤਰ੍ਹਾਂ – ਤਰ੍ਹਾਂ ਦੇ ਢੰਗ ਅਪਣਾ ਰਹੇ ਹਨ । ਨੌਜਵਾਨਾਂ ਅੰਦਰ ਤਾਂ ਰੀਲਾਂ ਬਣਾਉਣ ਦਾ ਜਨੂੰਨ ਲਗਾਤਾਰ ਵਧਦਾ ਜਾ ਰਿਹਾ ਹੈ । ਯੁਵਾ ਸਾਧਨਾ ਨਾਲ ਖਤਰਨਾਕ ਸਟੰਟ ਕਰਦੇ ਹਨ ਮਸਲਨ ਜਾਂ ਤਾਂ ਹੱਥ – ਪੈਰ ਤੁੜਵਾ ਲੈਂਦੇ ਹਨ ਜਾਂ ਸਦਾ ਲਈ ਅਪਾਹਿਜ ਹੋ ਜਾਦੇ ਹਨ । ਅਫਸੋਸ ਜਾਨ ਤੱਕ ਗੁਆ ਬੈਠਦੇ ਹਨ ਅਤੇ ਕਈ ਵਾਰੀ ਤਾਂ ਦੂਜਿਆਂ ਨੂੰ ਵੀ ਨਾਲ ਲੈ ਬਹਿੰਦੇ ਹਨ ਇਸ ਲਈ ਬਿਹਤਰ ਹੋਵੇਗਾ ਜੇਕਰ ਅਜਿਹੀਆਂ ਕਰਤੂਤਾਂ ਤੋਂ ਜਿਨਾਂ ਹੋ ਸਕੇ ਬਚਿਆ ਜਾਵੇ ਕਿਓਂਕਿ ਲੋਕਾਂ ਦੇ ਲਾਇਕ ਅਤੇ ਕੁਮੈਂਟਸ ਨਾਲ ਜ਼ਿੰਦਗੀ ਨਹੀਂ ਲੰਘਣੀ ਹੈ । ਇਹ ਸਭ ਗੱਲਾਂ ਬਸ ਫੋਕੀ ਪ੍ਰਸੰਸਾ ਹਨ । ਮਾੜੇ ਸਮੇਂ ‘ਚ ਤਾਂ ਆਪਣੇ ਤੱਕ ਸਾਥ ਛੱਡ ਜਾਂਦੇ ਹਨ ਫੇਰ ਇਹ ਸੋਸ਼ਲ ਮੀਡੀਆ ‘ਤੇ ਬਣੇ ਦੋਸਤ ਅਤੇ ਸਾਨੂੰ ਦੇਖਣ ਵਾਲੇ ਕਿਵੇਂ ਸਾਡੇ ਨਾਲ ਖੜ੍ਹਨਗੇ ਬਾਕੀ ਰੀਲਾਂ ਦੀ ਇਸ ਦੌੜ ਵਿੱਚ ਹਰ ਕੋਈ ਇੱਕ ਦੂਸਰੇ ਤੋਂ ਅੱਗੇ ਨਿਕਲਣਾ ਚਾਹੁੰਦਾ ਹੈ ਅਰਥਾਤ ਲੋਕੀ ਜਿਹੜੀ ਵੀ ਚੀਜ਼ ਘਰ ਲੈ ਕੇ ਆਉਂਦੇ ਹਨ ਝੱਟ ਉਸਦੀ ਰੀਲ ਬਣਾ ਕੇ ਸੋਸ਼ਲ ਮੀਡੀਆ ਪਲੈਟਫਾਰਮਾਂ ‘ਤੇ ਪਾ ਦਿੰਦੇ ਹਨ । ਅੱਜ ਦਿਖਾਵੇ ਅਤੇ ਸ਼ੋਸ਼ੇਬਾਜ਼ੀ ਦਾ ਜਿਵੇਂ ਲੋਕਾਂ ‘ਤੇ ਭੂਤ ਸਵਾਰ ਹੋ ਗਿਆ ਹੈ ਇੱਥੋਂ ਤੱਕ ਲੋਕੀ ਜੰਮੇ ਦੀ ਵਧਾਈ ਦੀ ਗੱਲ ਤਾਂ ਛੱਡੋ ਮਰੇ ਦੇ ਦਿਲਾਸੇ ਲਈ ਵੀ ਪੋਸਟ ਪਾ ਦਿੰਦੇ ਹਨ । ਸਮੱਸਿਆ ਹੁਣ ਇਹ ਹੈ ਕਿ ਸਮਾਜ ਵਿੱਚ ਸੋਸ਼ਲ ਮੀਡੀਆ ਉਤੇ ਫੈਲਾਈ ਜਾ ਰਹੀ ਇਸ ਤਰ੍ਹਾਂ ਦੀ ਸਮੱਗਰੀ ਤੋਂ ਸਮਾਜ ਨੂੰ ਕਿਵੇਂ ਬਚਾਇਆ ਜਾਵੇ । ਵਰਤਮਾਨ ਵਿੱਚ ਲੋਕਾਂ ਦੀ ਮਾਨਸਿਕ ਸਥਿਤੀ ਵੀ ਅਜਿਹੀ ਹੋ ਗਈ ਹੈ ਕਿ ਉਹ ਵੀ ਅਜਿਹੀ ਸਮੱਗਰੀ ਦੇਖਣਾ ਵੱਧ ਪਸੰਦ ਕਰਦੇ ਹਨ ਜੋ ਕਿ ਉਹਨਾਂ ਨੂੰ ਪ੍ਰੇਸ਼ਾਨੀ ਦੇ ਇਸ ਦੌਰ ਵਿੱਚ ਥੋੜ੍ਹੀ ਬਹੁਤ ਰਾਹਤ ਮਹਿਸੂਸ ਕਰਵਾ ਸਕੇ ਸਗੋਂ ਬੇਤੁਕੇ ਵੀਡੀਓਜ ਸੋਸ਼ਲ ਮੀਡੀਆ ‘ਤੇ ਵੱਧ ਦੇਖੇ ਜਾਂਦੇ ਹਨ ਬਜਾਏ ਵਧੀਆ ਵਿਸ਼ਿਆਂ ਦੇ ਬਾਕੀ ਜਿਵੇਂ ਕਹਿੰਦੇ ਹਨ ਕਿ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਠੀਕ ਵੈਸੇ ਹੀ ਸੋਸ਼ਲ ਮੀਡੀਆ ਦੇ ਵੀ ਕਈ ਨਫ਼ੇ ਅਤੇ ਨੁਕਸਾਨ ਹਨ ਕਿਓਂਕਿ ਸੱਭ ਤੋਂ ਵੱਡੀ ਗੱਲ ਤਾਂ ਇਹੋ ਹੈ ਕਿ ਸੋਸ਼ਲ ਮੀਡੀਆ ਦੇ ਆਉਣ ਤੋਂ ਬਾਅਦ ਲੋਕਾਂ ਵਿੱਚ ਕਾਫੀ ਜਾਗਰੁਕਤਾ ਆਈ ਹੈ ਭਾਵ ਦੇਸ਼ – ਦੁਨੀਆਂ ਅੰਦਰ ਕੀ ਕੁਛ ਵਾਪਰ ਰਿਹਾ ਹੈ , ਇਸ ਵਾਰੇ ਲੋਕਾਂ ਨੂੰ ਤੁਰੰਤ ਪਤਾ ਚਲ ਜਾਂਦਾ ਹੈ । ਮੋਬਾਈਲ ਅਤੇ ਇੰਟਰਨੈੱਟ ਨੇ ਸਾਡੀ ਜੀਵਨਸ਼ੈਲੀ ਨੂੰ ਕਈ ਪੱਖੋਂ ਸੁਖਾਲਾ ਵੀ ਬਣਾ ਦਿੱਤਾ ਹੈ । ਚੰਗੀਆਂ ਐਪਲੀਕੇਸ਼ਨਾ ਸਾਡੇ ਲਈ ਬਹੁਤ ਸਹਾਈ ਹੋ ਰਾਹੀਆ ਹਨ ਦੂਸਰਾ ਚੰਗੀ ਸੋਚ ਵਾਲੇ ਲੋਕ ਸਮਾਜ ਵਿੱਚ ਹੁਲੜਬਾਜ਼ੀ – ਅਫਵਾਹਾਂ ਅਤੇ ਨਫ਼ਰਤ ਵਗੈਰਾ ਫੈਲਾਉਣ ਦੀ ਥਾਂ ਚੰਗਿਆਈ , ਸਕਾਰਾਤਮਕਤਾ ਅਤੇ ਗਿਆਨ ਨੂੰ ਬੜ੍ਹਾਵਾ ਦੇ ਰਹੇ ਹਨ । ਲੋਕੀ ਅਪਣਾ ਹੁਨਰ ਦਿਖਾ ਰਹੇ ਹਨ । ਇਹਨਾਂ ਰੀਲਾਂ ਦੁਆਰਾ ਲੋਕੀ ਦੌਲਤ , ਸ਼ੋਹਰਤ ਅਤੇ ਨਾਮ ਵੀ ਕਮਾ ਰਹੇ ਹਨ । ਬਹੁਤੇ ਲੋਕ ਸੋਸ਼ਲ ਮੀਡੀਆ ਦੁਆਰਾ ਫ਼ਰਸ਼ ਤੋਂ ਅਰਸ਼ ਤੱਕ ਪਹੁੰਚ ਗਏ ਹਨ । ਆਪਣੀ ਰੋਜੀ – ਰੋਟੀ ਚਲਾ ਰਹੇ ਹਨ ਖ਼ੈਰ ਸਮਾਜ ਵਿੱਚ ਜਦੋਂ ਵੀ ਜਿਹੜੀ ਵੀ ਚੀਜ਼ ਆਉਂਦੀ ਹੈ ਸਾਡੇ ਭਲੇ ਲਈ ਆਉਂਦੀ ਹੈ ਲੇਕਿਨ ਅਸੀਂ ਉਸ ਚੀਜ਼ ਦਾ ਸਦਉਪਯੋਗ ਕਰਦੇ ਹਾਂ ਜਾਂ ਦੁਰਉਪਯੋਗ ਇਹ ਹੁਣ ਸਾਡੇ ਉਪਰ ਨਿਰਭਰ ਕਰਦਾ ਹੈ ਪਰ ਬਿਹਤਰ ਹੋਵੇਗਾ ਜੇਕਰ ਅਸੀਂ ਅਜੋਕੇ ਸੋਸ਼ਲ ਮੀਡੀਆ ਦੀ ਆੜ ਵਿੱਚ ਆਪਣੇ ਪੁਰਾਤਨ ਸਮਾਜ ਦਾ ਅਕਸ ਖਰਾਬ ਨਾ ਕਰੀਏ ਮਤਲਬ ਜੋ ਸਮਾਜ ਦੇ ਹਿੱਤ ਵਿੱਚ ਕਤਈ ਨਹੀਂ ਹੈ ਅਜਿਹੀ ਬੇਕਾਰ ਸਮੱਗਰੀ ਫੈਲਾਉਣ ਤੋਂ ਗੁਰੇਜ਼ ਕਰੀਏ ਬਾਕੀ ਹਰ ਵਿਅਕਤੀ ਦਾ ਕਿਸੇ ਵੀ ਚੀਜ਼ ਪ੍ਰਤੀ ਆਪਣਾ ਅਲੱਗ ਨਜ਼ਰੀਆ ਹੁੰਦਾ ਹੈ ਲੇਕਿਨ ਕਿਸੇ ਵੀ ਚੀਜ਼ ਦਾ ਹੱਦੋਂ ਵੱਧ ਇਸਤੇਮਾਲ ਕਰਨਾ ਅਤੇ ਉਸਦੀ ਆਦਤ ਪਾਉਣਾ ਅਖੀਰ ਨੂੰ ਮਾੜਾ ਹੁੰਦਾ ਹੈ ਫੇਰ ਭਾਂਵੇ ਉਹ ਰੀਲਾਂ ਬਣਾਉਣ ਦਾ ਸ਼ੌਂਕ ਹੋਵੇ ਜਾਂ ਦੇਖਣ ਦੀ ਲਤ , ਮਾਫੀ ਚਾਹੁੰਦਾ ਹਾਂ ਪਰ ਹਰ ਚੀਜ਼ ਇੱਕ ਦਾਇਰੇ ਵਿੱਚ ਹੀ ਚੰਗੀ ਲੱਗਦੀ ਹੈ ।

ਗੋਪਾਲ ਸ਼ਰਮਾ
ਮੋਬਾਈਲ ਨੰਬਰ = 98564 – 50006

Share:

Leave a Reply

Your email address will not be published. Required fields are marked *