ਕੈਂਸਰ ਦਾ ਕਾਰਨ ਬਣਨ ਵਾਲੇ ਅੈੱਚ ਪੀ ਵੀ ਟਾਈਪ 16 ਤੇ 18 ਤੋਂ ਸੁਰੱਖਿਅਤ ਕਰੇਗਾ ਟੀਕਾ
ਔਰਤਾਂ ਵਿਚ ਰੋਕੇ ਜਾ ਸਕਣ ਵਾਲੇ ਕੈਂਸਰ ਨੂੰ ਖ਼ਤਮ ਕਰਨ ਲਈ ਵੱਡਾ ਕਦਮ ਚੁੱਕਦਿਆਂ ਕੇਂਦਰ ਸਰਕਾਰ ਜਲਦੀ ਹੀ 14 ਸਾਲ ਦੀ ਉਮਰ ਦੀਆਂ ਕੁੜੀਆਂ ਲਈ ਦੇਸ਼ਿਵਆਪੀ ‘ਹਿਊਮਨ ਪੈਪਿਲੋਮਾਵਾਇਰਸ’ (ਐੱਚ ਪੀ ਵੀ) ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰੇਗੀ। ਸੂਤਰਾਂ ਮੁਤਾਬਕ ਇਸ ਪ੍ਰੋਗਰਾਮ ਤਹਿਤ ਇੱਕੋ ਵਾਰ ‘ਗਾਰਡਾਸਿਲ’ ਐੱਚ ਪੀ ਵੀ ਵੈਕਸੀਨ ਲਾਇਆ ਜਾਵੇਗਾ। ਇਹ ਟੀਕਾ ਸਰਵਾਈਕਲ ਕੈਂਸਰ ਦਾ ਕਾਰਨ ਬਣਨ ਵਾਲੇ ਐੱਚ ਪੀ ਵੀ ਟਾਈਪ 16 ਤੇ 18 ਤੋਂ ਸੁਰੱਖਿਆ ਮੁਹੱਈਆ ਕਰਦਾ ਹੈ।
ਇਸ ਦੇ ਨਾਲ ਹੀ ਇਹ ਟਾਈਪ 6 ਤੇ 11 ਤੋਂ ਵੀ ਸੁਰੱਖਿਆ ਦਿੰਦਾ ਹੈ। ਸੂਤਰਾਂ ਨੇ ਕਿਹਾ ਕਿ ਇਹ ਇੱਕ ਵਿਸ਼ੇਸ਼ ਟੀਕਾਕਰਨ ਮੁਹਿੰਮ ਹੋਵੇਗੀ ਤੇ ਸਰਕਾਰ ਦੇ ਸਰਵ ਵਿਆਪਕ ਟੀਕਾਕਰਨ ਪ੍ਰੋਗਰਾਮ ਤਹਿਤ ਨਹੀਂ ਆਵੇਗੀ। ਇਹ ਵਿਸ਼ਵ ਸਿਹਤ ਸੰਗਠਨ (ਡਬਲਿਊ ਐੱਚ ਓ) ਦੀਆਂ ਸਿਫਾਰਿਸ਼ਾਂ ਅਨੁਸਾਰ ਹੈ। ਇਸ ਬਾਰੇ ਇੱਕ ਅਧਿਕਾਰਤ ਸੂਤਰ ਨੇ ਕਿਹਾ, ‘‘ਮਜ਼ਬੂਤ ਆਲਮੀ ਤੇ ਭਾਰਤੀ ਵਿਗਿਆਨਕ ਸਬੂਤ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਜਦ ਸਿਫ਼ਾਰਿਸ਼ਸ਼ੁਦਾ ਉਮਰ ਵਰਗ ਦੀਆਂ ਲੜਕੀਆਂ ਨੂੰ ਟੀਕੇ ਦੀ ਇੱਕ ਖੁਰਾਕ ਦਿੱਤੀ ਜਾਂਦੀ ਹੈ ਤਾਂ ਇਹ ਠੋਸ ਤੇ ਸਥਾਈ ਸੁਰੱਖਿਆ ਮੁਹੱਈਆ ਕਰਦੀ ਹੈ।’’