ਸਾਡੇ ਸਮਾਜ ਦੇ ਵੱਡੇ ਹਿੱਸੇ ਵਿੱਚ ਲੋਕਾਂ ਦੀ ਇਹ ਸਮਝ ਬਣ ਚੁੱਕੀ ਹੈ ਕਿ ਸਾਹਿਤ ਪੜ੍ਹਣਾ ਜਾਂ ਲਿਖਣਾ ਵਿਹਲੜਾਂ ਦੇ ਕੰਮ ਨੇ। ਇਹ ਸੰਵਾਰਦਾ ਤਾਂ ਨਹੀਂ, ਵਿਗਾੜਦਾ ਹੀ ਹੈ। ਵੈਸੇ, ਪਾਠਕਾਂ ਨੂੰ ਤਾਂ ਇਹ ਸਿਤਮ ਬਚਪਨ ਤੋਂ ਹੰਢਾਉਣਾ ਪੈਂਦਾ। ਮਾਪੇ ਆਮ ਕਰਕੇ ਬੱਚਿਆਂ ਨੂੰ ਨਾਵਲ-ਨੂਵਲ ਪੜ੍ਹਣ ਤੋਂ ਰੋਕਦੇ ਸਨ। ਮੇਰੀ ਪੀੜ੍ਹੀ ਦੇ ਵਧੇਰੇ ਸਾਹਿਤ-ਆਸ਼ਕਾਂ ਨੇ ਪਾਲੀ, ਪੂਰਨਮਾਸ਼ੀ ਤੇ ਚਿੱਟਾ ਲਹੂ ਕਿਤਾਬ ਵਿੱਚ ਲੁਕੋ ਕੇ ਪੜ੍ਹੇ ਨੇ। ਇਸ ਸਬੰਧ ਵਿੱਚ ਕਹਾਣੀਕਾਰਾ ਰਾਜਪ੍ਰੀਤ ਕੌਰ ਬੈਨੀਵਾਲ ਦੀ ਕਿਤਾਬ ‘ਕਬਰਾਂ ਵਿੱਚ ਉੱਗੇ ਫੁੱਲ’ ਦੀ ਭੂਮਿਕਾ ਪੜ੍ਹ ਕੇ ਮੈਂ ਸੁੰਨ ਰਹਿ ਗਿਆ ਸੀ। ਉਸਨੂੰ ਵੀ ਇਸ ਹੋਣੀ ਦਾ ਸਾਹਮਣਾ ਕਰਨਾ ਪਿਆ। ਕਿਸਨੂੰ ਨਹੀਂ ਕਰਨਾ ਪਿਆ?
ਹੈਰਾਨੀ ਤਾਂ ਵੀ ਨਹੀਂ ਹੁੰਦੀ, ਜਦੋਂ ਸਾਡੇ ਕੁਝ ਲੇਖਕ, ਨਾਟਕਕਾਰ ਜਾਂ ਵਿਅੰਗਕਾਰ ਵੀ ਪੜ੍ਹਣ ਨੂੰ ‘ਬੇਕਾਰ’ ਕੰਮ ਗਰਦਾਨਦੇ ਨੇ। ਪੂੰਜੀਵਾਦ ਤੇ ਉਪਭੋਗਤਾਵਾਦ ਦਾ ਗਲਬਾ ਹੀ ਐਨਾ ਕਸਵਾਂ ਏ, ਕਿ ਸਾਨੂੰ ਲੱਗਦਾ ਅਸੀਂ ਸੋਚਦੇ ਆਂ, ਪਰ ਅਸਲ ਵਿੱਚ ਅਸੀਂ ਸੋਚਣ ਦੀ ਜਿੰਮੇਵਾਰੀ ਹੋਰਾਂ ਸਿਰ ਸੁੱਟ ਦਿੱਤੀ ਐ, ਤੇ ਹੋਰਾਂ ਨੇ ਹੋਰਾਂ ਸਿਰ। ਇਸ ਵਿੱਚ ਚੌਕੰਨੇ ਹੋਣ ਦੀ ਲੋੜ ਨਹੀਂ, ਇਹ ਸੁਭਾਵਿਕ ਵਰਤਾਰਾ ਹੈ।
ਪੜ੍ਹਣਾ ਕਿਉਂ ਆ? ਮੈਂ ਪਿੱਛਲੇ ਹਫ਼ਤੇ ਚਾਰ ਕੁ ਕਿਤਾਬਾਂ ਪੜ੍ਹੀਆਂ, ਤੇ ਮੈਨੂੰ ਲੱਗਾ ਕਿ ਇਹ ਚਾਰੇ ਹੀ ਬੱਚਿਆਂ ਨੂੰ ਪੜ੍ਹਾਉਣੀਆਂ ਚਾਹੀਦੀਆਂ, ਤਾਂ ਜੋ ਉਨ੍ਹਾਂ ਅੰਦਰ ਬਣੇ ਭਰਮ ਟੁੱਟਣ। ਸਾਨੂੰ ਨਾ ਸਮਾਜਿਕ ਸਬੰਧਾਂ ਦਾ ਗਿਆਨ ਆ, ਨਾ ਸੌਫਟ ਸਕਿੱਲਜ਼ ਦਾ ਤੇ ਨਾ ਹੀ ਪੇਰੈਂਟਿੰਗ ਦਾ। ਵਿਰੋਧੀ ਜੈਂਡਰ ਨੂੰ ਕਿਵੇਂ ਸਮਝਣਾ, ਇਨਸਾਨੀ ਮਨੋਵਿਿਗਆਨ ਕੀ ਐ, ਸਮਾਜ ਕਿਵੇਂ ਕੰਮ ਕਰਦਾ, ਤੇ ਧਰਮ ਕਿਵੇਂ, ਇਹ ਮਸਲੇ ਵੀ ਸਾਡੇ ਲਈ ਅਣਸੁਲਝੇ ਹੀ ਪਏ ਨੇ। ਖੋਜਾਰਥੀਆ ਨੇ ਬਹੁਤ ਕੁਝ ਸੁਲਝਾ ਕੇ ਸਾਡੇ ਸਾਹਮਣੇ ਪੋਥੀਆਂ ਲਿਖ ਦਿੱਤੀਆਂ ਨੇ, ਪਰ ਸਾਡੇ ਲਈ ਤਾਂ ਇਹ ਸਭ ਬੇਕਾਰ ਦਾ ਮਾਲ ਐ, ਜੋ ਸਿਰਫ਼ ਅਕਾਦਮਿਕ ਮਾਹਰਾਂ ਸਿਰ ਮੜ੍ਹ ਦਿੱਤਾ ਅਸੀਂ। ਇੱਥੇ ਦੋਸ਼ ਸਾਡਾ ਨਹੀਂ, ਅਸੀਂ ਬਚਪਨ ਤੋਂ ਇਸੇ ਤਰ੍ਹਾਂ ਘੜੇ ਗਏ ਹਾਂ। ਸਾਹਿਤ ਇਨ੍ਹਾਂ ਘਾੜਤਾਂ ਨੂੰ ਤੋੜਦਾ, ਪਰ ਐਨੀ ਸਾਡੀ ਜੁਅਰਤ ਨਹੀਂ, ਕਿ ਅਸੀਂ ਸਾਹਿਤ ਪੜ੍ਹੀਏ, ਤੇ ਉਸਤੇ ਅਮਲ ਕਰੀਏ। ਬੇਪ੍ਰਵਾਹ ਬਣੀਏ, ਇਨਕਲਾਬੀ ਬਣੀਏ। ਭਗਤ ਸਿੰਘ ਬਣੀਏ, ਗੁਰੂ ਨਾਨਕ ਤੋਂ ਸਿੱਖੀਏ, ਭਗਤ ਰਵਿਦਾਸ ਤੋਂ ਪ੍ਰੇਰਨਾ ਲਈਏ!!! ਸਾਨੂੰ ਤਾਂ ‘ਹੀਰ’ ਤੋਂ ਵੀ ਡਰ ਲੱਗਦਾ।
ਅਨੁਰਾਧਾ ਬੈਨੀਵਾਲ ਦੀ ਕਿਤਾਬ ‘ਆਜ਼ਾਦੀ ਮੇਰਾ ਬਰਾਂਡ’ ਲੜਕੀਆਂ ਲਈ ਇੱਕ ਜ਼ਰੂਰੀ ਕਿਤਾਬ ਹੈ, ਜੌਹਨ ਗ੍ਰੇਅ ਨੂੰ ਪੜ੍ਹਣਾ ਹਰ ਵਿਅਕਤੀ ਲਈ ਲਾਜ਼ਮੀ ਐ, ਹਰ ਮਾਪੇ ਲਈ, ਹਰ ਅਧਿਆਪਕ ਲਈ, ਹਰ ਕੁਆਰੇ ਲਈ, ਤੇ ਹਰ ਵਿਆਹੇ ਲਈ। ਸਰੀਰਕ ਭਾਸ਼ਾ ਸਮਝ ਕੇ ਅਸੀਂ ਦੂਜੇ ਦੇ ਦਿਮਾਗ ਵਿੱਚ ਚੱਲ ਰਹੇ ਖੁਰਾਫਾਤ ਨੂੰ ਪੜ੍ਹ ਲੈਂਦੇ ਆਂ, ਜੇ ਐਲਨ-ਪੀਜ਼ ਪੜ੍ਹਿਆ ਹੋਵੇ। ਕ੍ਰਿਸਟੋਫ਼ਰ ਬੈਰੀ-ਡੀ ਪੜ੍ਹ ਕੇ ਅਸੀਂ ਸਾਈਕੋਪੈਥ ਤੇ ਸੈਵੇਜ ਵਿੱਚ ਅੰਤਰ ਕਰ ਸਕਦੇ ਆਂ। ਰੌਂਡਾ ਬਾਇਰਨ, ਜੇਮਜ਼ ਕਲੀਅਰ, ਰੌਬਰਟ ਕਿਉਸਾਕੀ, ਰੌਂਡਾ ਬਾਇਰਨ ਤੇ ਮੌਰਗਨ ਪੜ੍ਹਣੇ ਹਰ ਨੌਜਵਾਨ ਲਈ ਪੜ੍ਹਣੇ ਲਾਜ਼ਮੀ ਨੇ, ਜੇ ਜਿ਼ੰਦਗੀ ਦੀ ਆਰਥਿਕਤਾ, ਸਮਾਜਿਕਤਾ ਤੇ ਕੱਰੀਅਰ ਵਿੱਚ ਸਫ਼ਲ ਵੀ ਹੋਣਾ, ਤੇ ਅਲੱਗ ਵੀ ਖੜ੍ਹਣਾ। ਸਾਹਿਤ ਤੁਹਾਨੂੰ ਸੰਵੇਦਨਸ਼ੀਲ ਬਣਾਉਂਦਾ, ਤੇ ਸਾਹਿਤ ਤੋਂ ਦੂਰ ਰਹਿਣ ਵਾਲੇ ‘ਸਮਾਰਟ’ ਹੀ ਨਹੀਂ ‘ਸਟਰੀਟ ਸਮਾਰਟ’ ਬਣਨ ਵੱਲ ਹੀ ਸਾਰਾ ਧਿਆਨ ਲਾ ਦਿੰਦੇ ਨੇ, ਤੇ ਦੂਜਾ ਕੰਮ ਆਪਣੇ ਕੱਰੀਅਰ ਦੇ ਨਿਰਮਾਣ ਦਾ ਹੁੰਦਾ, ਪਰ ਉਹ ਜਿ਼ੰਦਗੀ ਵਿੱਚ ਆਰਥਿਕ ਤੌਰ ਤੇ ਸਫ਼ਲ ਹੋਣ ਦੇ ਬਾਵਜੂਦ, ਅੰਦਰੋਂ ਖੋਖਲੇ ਤੇ ਖਾਲੀ ਹੀ ਹੁੰਦੇ ਨੇ। ਅਜਿਹਾ ਮੈਂ ਅਕਸਰ ਮਹਿਸੂਸ ਕਰਦਾਂ, ਜਦੋਂ ਮੈਂ ਬਹੁਤ ਕਾਮਯਾਬ ਲੋਕਾਂ ਨੂੰ ਮਿਲਦਾਂ।
ਸਾਨੂੰ ਲੱਗਦਾ ਬੱਚੇ ਪੜ੍ਹ ਲਿਆ, ਨੌਕਰੀ ਲੈ ਲਈ, ਸਾਡੀ ਜਿ਼ੰਮੇਵਾਰੀ ਖਤਮ। ਪਰ, ਬੱਚਾ ਹਰ ਪੱਧਰ ਤੇ ਮਾਨਸਿਕ ਤੌਰ ਤੇ ਕਿੰਨੇ ਸਿਤਮ ਹੰਢਾਉਂਦਾ ਹੈ। ਅਸੀਂ ਜਿਉਣ ਦੇ ਨਾਲ-ਨਾਲ, ਹਰ ਪਲ ‘ਬਚਦੇ’ ਹਾਂ। ਕਿਤੇ ਕੋਈ ਸਾਥੀ, ਦੋਸਤ ਜਾਂ ਕਲਾਸ-ਮੇਟ ਤੁਹਾਡਾ ਦੁਸ਼ਮਣ ਬਣ ਜਾਂਦਾ। ਕੁਝ ਸਾਲ ਪਹਿਲਾਂ ਇੱਕ ਬੱਚੇ ਨੇ ਹਰਿਆਣੇ ਵਿੱਚ ਸਕੂਲ ਦੇ ਇੱਕ ਬੱਚੇ ਦੀ ਸਿਰਫ਼ ਇਸ ਕਰਕੇ ਹੱਤਿਆ ਕਰ ਦਿੱਤੀ ਸੀ, ਕਿ ਕਾਫ਼ੀ ਦਿਨਾਂ ਤੋਂ ਸਕੂਲ ਵਿੱਚ ਛੁੱਟੀ ਨਹੀਂ ਸੀ ਹੋਈ। ਪਲੱਸ ਟੂ ਵਿੱਚ ਚੰਗੇ ਅੰਕ ਨਾ ਆਉਣ ਤੇ ਜਾਂ ਸਫ਼ਲ ਨਾ ਹੋਣ ਤੇ ਅਨੇਕ ਬੱਚੇ ਖੁਦਕਸ਼ੀ ਕਰ ਲੈਂਦੇ ਨੇ। ‘ਕੋਟਾ ਫੈਕਟਰੀ’ ਵਿੱਚ, ਭਾਵ ਇੰਜੀਨੀਅਰਿੰਗ ਜਾਂ ਮੈਡੀਕਲ ਕਾਲਜ ਵਿੱਚ ਦਾਖ਼ਲਾ ਲੈਣ ਦੇ ਹਾਈ-ਪ੍ਰੈਸ਼ਰ ਅਭਿਆਸ ਦੌਰਾਨ ਵੀ ਬੱਚਿਆਂ ਨੂੰ ਅਜਿਹੇ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਕਿ ਕਈ ਵਾਰ ਜੀਵਨ ਤੋਂ ……….। ਆਹ ਇੱਕ ਮਹੀਨਾ ਪਹਿਲਾਂ ਹੀ ਇੱਕ ਬੱਚੇ ਨੇ ਆਪਣਾ ਹੱਥ ਇਸ ਲਈ ਵੱਢ ਲਿਆ, ਤਾਂ ਜੋ ‘ਅਪਾਹਜ’ ਦਾ ਪ੍ਰਮਾਣ ਪੱਤਰ ਬਣ ਜਾਵੇ, ਤੇ ਉਸਨੂੰ MBBS ਵਿੱਚ ਦਾਖ਼ਲਾ ਮਿਲ ਜਾਵੇ।
ਵਕਾਲਤ ਦੀ ਪੜ੍ਹਾਈ ਕਰਦਿਆਂ ਇੱਕ ਲੜਕੀ ਨੂੰ ਉਸਦੇ ਜਮਾਤੀ ਨੇ ਪਿਸਤੌਲ ਦੀਆਂ ਗੋਲੀਆਂ ਨਾਲ ਮਾਰ ਦਿੱਤਾ। ਵਿਵਸਾਹਿਕ ਕੋਰਸ ਕਰਨ ਉਪਰੰਤ ਵੀ ਨੌਕਰੀ ਨਾ ਮਿਲਣ ਤੇ ਬੱਚਿਆਂ ਨੂੰ ਮਾਨਸਿਕ ਤਣਾਉ ਨਾਲ ਲੜਣਾ ਪੈਂਦਾ, ਤੇ ਫਿਰ ਨੌਕਰੀ ਹਾਸਲ ਕਰਕੇ ਕਿੰਨੇ ਕੁ ਜਣੇ ਖੁਸ਼ ਹੁੰਦੇ ਨੇ, ਇਹ ਵੀ ਤੁਹਾਨੂੰ ਪਤਾ। ਕਿੰਨੇ ਕੁ ਨੇ ਜਿਨ੍ਹਾਂ ਦਾ ਪੈਸ਼ਨ ਤੇ ਪ੍ਰੋਫੈਸ਼ਨ (passion and profession) ਇੱਕੋ ਐ?