ਦਾਦਰ ਪੰਡੋਰਵੀ ਦੀਆਂ ਕੁਝ ਗ਼ਜ਼ਲਾਂ
1
ਬੂਰ ਪਿਆ ਸੀ, ਰੀਝਾਂ ਦੇ ਫੁੱਲ ਖਿੜਨੇ ਸੀ।
ਸਾਡੀ ਵਾਰ ਹੀ ਮੌਸਮ ਦੇ ਦਰ ਭਿੜਨੇ ਸੀ?
ਉਸਨੇ ਕਾਲੀ ਰਾਤ ਹੀ ਲੰਮੀ ਕਰ ਦਿੱਤੀ,
ਰਾਗ ਭੈਰਵੀ ਦੇ ਸੁਰ ਅਜੇ ਤਾਂ ਛਿੜਨੇ ਸੀ।
ਚੁੰਝਾਂ ਹੀ ਸੰਭਾਲੀ ਗਏ ਸਭ ਬਾਜ਼ ਤੇਰੇ,
ਕਿਵੇਂ ਤਿਤਲੀਆਂ ਕੋਲੋਂ ਪਿੰਜਰੇ ਤਿੜਨੇ ਸੀ?
ਸ਼ੋਰ ਕਰੇਗਾ ਪੱਥਰ ਜਦ ਵੀ ਟੁੱਟੇਗਾ,
ਖ਼ਾਮੋਸ਼ੀ ਵਿਚ ਕੇਵਲ ਸ਼ੀਸ਼ੇ ਤਿੜਨੇ ਸੀ।
ਟਿੰਡਾਂ ਖ਼ਾਲੀ ਹੋ ਕੇ ਘਰਾਂ ਨੂੰ ਮੁੜ ਗਈਆਂ,
ਆਖਿਰ ਇਕ ਦਿਨ ਖੂਹ ਵੀ ਉਲਟੇ ਗਿੜਨੇ ਸੀ।
ਹੋਂਦ ਤੇਰੀ ‘ਤੇ ਹਮਲੇ ਹੋਣੇ ਲਾਜ਼ਿਮ ਨੇ,
ਤਖ਼ਤਾਂ ਦੇ ਨਾਲ਼ ਬੋਲ ਜੁ ਤੇਰੇ ਭਿੜਨੇ ਸੀ।
ਛੱਡਦਾ ਨਾ ਜੇ ਸ਼ਿਅਰਾਂ ਵਿਚ ਤੂੰ ਐਬ ਕਿਤੇ,
‘ਦਾਦਰ’ ਤੇਰੇ ਕਿੱਸੇ ਕਿੱਥੇ ਛਿੜਨੇ ਸੀ।
*
ਦਾਦਰ ਪੰਡੋਰਵੀ
ਬਾਰਸੀਲੋਨਾ ਸਪੇਨ
2.
ਜਿੰਨੇ ਵੀ ਹੰਝੂ ਡੁੱਲ੍ਹਦੇ,ਰੋਕੀ ਨਾ, ਡੋਲ੍ਹ ਦੇ।
ਚੰਗੀਆਂ ਨਹੀਂ ਪਾਬੰਦੀਆਂ,ਦਿਲ ਨੂੰ ਫਰੋਲਦੇ।
ਪਤਝੜ ਖਰੀਦ ਕੇ ਅਸੀਂ ਪਰਤੇ ਘਰਾਂ ਨੂੰ ਜਦ,
ਤੁਰ ਹੀ ਗਏ ਸੀ ਅੱਕ ਕੇ ਮੌਸਮ ਕਲੋਲ ਦੇ।
ਬੇਸ਼ਕ ਸਿਰਾਂ ‘ਤੇ ਧੁੱਪ ਦਾ ਅੰਤਮ ਪੜਾਅ ਹੀ ਹੈ,
ਫਿਰ ਵੀ ਨਹੀਂ ਪੈਰਾਂ ਤਲ਼ੇ ਛਾਵਾਂ ਮਧੋਲ ਦੇ।
ਹੱਸ ਹੱਸ ਕੇ ਪੀ ਲਵਾਂਗਾ ਤੇਰਾ ਜ਼ਹਿਰ ਜ਼ਿੰਦਗੀ,
ਥੋੜ੍ਹਾ ਕੁ ਰਿਸ਼ਤਿਆਂ ‘ਚ ਪਰ ਵਿਸ਼ਵਾਸ਼ ਘੋਲ਼ ਦੇ।
ਐਨਾ ਵੀ ਡਰ ਹੈ ਕਿਉਂ, ਜਦੋਂ ਆਉਂਦੇ ਨੇ ਔਖੇ ਸਾਹ,
ਬੂਹਾ ਨਹੀਂ ਤਾਂ ਨਾ ਸਹੀ, ਬਾਰੀ ਤਾਂ ਖੋਲ੍ਹ ਦੇ।
ਇਹ ਅਰਥ ਟੁੱਟ ਜਾਣਗੇ ਏਨੀ ਤਾਂ ਖਿੱਚ ਨਾਲ,
ਥੋੜ੍ਹੀ ਜਿਹੀ ਤਾਂ ਸ਼ਾਇਰਾ ਸ਼ਬਦਾਂ ਨੂੰ ਝੋਲ ਦੇ।
ਚਿਰ ਬਾਦ ਖ਼ੁਦ ਨੂੰ ਮਿਲ ਕੇ ਇਹ ਵੀ ਭਰਮ ਲਹਿ ਗਿਆ,
ਕਿੰਨੇ ਗੁਨਾਹਗਾਰ ਨੇ ਸ਼ੀਸ਼ੇ ‘ਚ ਬੋਲਦੇ।
3.
ਸਿਰਫ਼ ਅਪਣੇ ਵਾਸਤੇ ਜੇ ਛਾਂ ਕਦੇ ਮੰਗੀ ਨਹੀਂ।
ਇੰਝ ਤਾਂ ਨਾ ਆਖ ਫਿਰ ਦੁਨੀਆ ਰਤਾ ਚੰਗੀ ਨਹੀਂ।
ਜਿਸ ਨਜ਼ਰ ਦੇ ਨਾਲ਼ ਤੱਕਦੇ ਹੋ ਤੁਸੀਂ,ਨੰਗੀ ਹੈ ਉਹ,
ਉਹ ਨਗਨ ਤਸਵੀਰ ਵਿਚ ਵੀ ਜਾਪਦੀ ਨੰਗੀ ਨਹੀਂ।
ਰੋ ਲਵੇ ਖੁੱਲ੍ਹ ਕੇ ਜਾਂ ਖੁੱਲ੍ਹ ਕੇ ਹੱਸ ਲਵੇ ਇਸ ਹਾਲ ਵਿਚ,
ਕੋਈ ਵੀ ਤਜਵੀਜ਼ ਉਸ ਨੂੰ ਲੱਗਦੀ ਚੰਗੀ ਨਹੀਂ।
ਪਿਆਰ ਰੰਗਾਂ ਨਾਲ਼ ਹੈ ਐਨਾ ਕੁ ਹੁਣ ਰੰਗਰੇਜ਼ ਨੂੰ,
ਉਸ ਦਿਆਂ ਰੰਗਾਂ ‘ਚ ਸ਼ਾਮਲ ਪੀਂਘ ਸਤਰੰਗੀ ਨਹੀਂ।
ਇਹ ਤਾਂ ਉਸ ਦੀ ਆਪਣੀ ਅਖ਼ਬਾਰ ਦਾ ਹੀ ਹੈ ਕਮਾਲ,
ਅਸਲ ਵਿਚ ਹੁਣ ਮੁਲਕ ਦੀ ਤਸਵੀਰ ਬਹੁਰੰਗੀ ਨਹੀਂ।
ਮੈਂ ਕਦੋਂ ਕਹਿੰਦਾਂ ਕਿ ਝੁਕਣਾ ਗ਼ਲਤ ਹੈ,ਪਰ ਦੋਸਤੋ,
ਇਸ ਤਰ੍ਹਾਂ ਵੀ ਬੇਨਤੀ ‘ਤੇ ਬੇਨਤੀ ਚੰਗੀ ਨਹੀਂ।
ਪੱਥਰਾਂ ਦੇ ਨਾਲ਼ ਦਿਲ ਨੂੰ ਕਿਸ ਤਰ੍ਹਾਂ ਹੌਲ਼ਾ ਕਰਾਂ?
ਹੋਰ ਕੋਈ ਵੀ ਤਾਂ ਤੇਰੇ ਸ਼ਹਿਰ ਵਿਚ ਤੰਗੀ ਨਹੀਂ।