
ਸੁਖਵਿੰਦਰ ਜੀ ਦਾ ਕਾਵਿ – ਸੰਗ੍ਰਹਿ ” ਇਹ ਘਰ ਈਬੂ ਦਾ ਹੈ”……
ਸਤਿਕਾਰਯੋਗ ਸੁਖਵਿੰਦਰ ਜੀ ਚੰਗੇ ਅਨੁਵਾਦਕ, ਪਾਠਕ, ਪਬਲਿਸ਼ਰ, ਪ੍ਰੋਫ਼ੈਸਰ ਹੋਣ ਦੇ ਨਾਲ ਨਾਲ ਇੱਕ ਕਵੀ ਵੀ ਹਨ । ਉਨ੍ਹਾਂ ਦਾ ਕਾਵਿ-ਸੰਗ੍ਰਹਿ "ਇਹ ਘਰ ਈਬੂ ਦਾ ਹੈ " ਪੜ੍ਹਨ ਦਾ ਮੌਕਾ ਮਿਲਿਆ । ਸੁਖਵਿੰਦਰ ਇੱਕ ਨੰਨੀ ਧੀ 'ਈਬੂ' ਦੇ ਪਿਤਾ ਹਨ । ਇਹ ਕਿਤਾਬ ਧਰਤੀ ਦੀਆਂ ਸਾਰੀਆਂ ਧੀਆਂ ਦੇ ਨਾਂ ਸਮਰਪਿਤ ਹੈ। ਇਸ ਕਿਤਾਬ ਵਿੱਚ ਕਵਿਤਾਵਾਂ ਰਾਹੀਂ ਆਪਣੀ ਧੀ ਦੇ ਬਚਪਨ ਤੋਂ ਲੈ ਕੇ ਡੋਲੀ ਵਾਲੀ ਕਾਰ ਤੱਕ ਦੇ ਅਹਿਸਾਸ ਨੂੰ ਕਲਮਬੱਧ ਕੀਤਾ ਗਿਆ ਹੈ । ਖੁਸ਼ਨਸੀਬੀ ਮੇਰੀ ਕਿ ਮੈਂਨੂੰ ਇਹ ਕਿਤਾਬ ਪੜ੍ਹਨ ਦਾ ਮੌਕਾ ਮਿਲਿਆ ਹੈ। ਪਿਆਰੀ ਜਿਹੀ ਸ਼ਰਾਰਤੀ ਈਬੂ ਨੂੰ ਬਹੁਤ -ਬਹੁਤ ਪਿਆਰ । ਕਿਤਾਬ ਦੀਆਂ ਸਾਰੀਆਂ ਕਵਿਤਾਵਾਂ ਸਾਨੂੰ ਈਬੂ ਦੀਆਂ ਸ਼ਰਾਰਤਾਂ, ਬਚਪਨੀ ਜਿੱਦਾਂ, ਨਿੱਕੇ - ਨਿੱਕੇ ਰੋਸਿਆਂ ਅਤੇ ਖਿੱਲਾਂ ਵਰਗੇ ਹਾਸਿਆਂ ਨਾਲ ਜੋੜਦੀਆਂ ਹਨ।
ਸੁਖਵਿੰਦਰ ਜੀ ਦੀਆਂ ਕਵਿਤਾਵਾਂ ਈਬੂ ਦੇ ਬਚਪਨ ਤੋਂ ਲੈ ਵੱਡੇ ਹੋਣ ਦੇ ਤੱਕ ਅਹਿਸਾਸਾਂ ਨੂੰ ਬਿਆਨਦੀਆਂ ਹਨ । ਕਵਿਤਾਵਾਂ ਵਿੱਚ ਧੱਕੇ ਨਾਲ ਕੋਈ ਅਲੰਕਾਰ, ਬਿੰਬ, ਪ੍ਰਤੀਕ ਨਹੀਂ ਵਰਤੇ ਗਏ, ਸਾਰੀ ਕਿਤਾਬ ਧੀ 'ਤੇ ਹੀ ਕੇਂਦਰਿਤ ਹੈ । ਕਾਵਿ - ਭਾਸ਼ਾ ਦੀ ਨਾਜ਼ੁਕ ਪੇਸ਼ਕਾਰੀ ਹੈ । ਧੀ ਦੇ ਪੈਦਾ ਹੋਣ 'ਤੇ ਸਮਾਜਿਕ ਸੋਚ ਨੂੰ ਪੇਸ਼ ਕੀਤਾ ਗਿਆ ਹੈ।
ਇਹ ਕਵਿਤਾਵਾਂ ਵਿੱਚ ਧੀ ਦੇ ਵੱਡੇ ਹੋਣ 'ਤੇ ਫਿਕਰ ਵੀ ਜਾਹਿਰ ਕਰਦੀਆਂ ਹਨ। ਇੱਕ ਪਿਤਾ ਨੂੰ ਲੜਕੀ ਦੀ ਅਹਿਮਿਅਤ ਦਾ ਪਤਾ ਸਭ ਤੋਂ ਪਵਿੱਤਰ ਭਰਿਆ ਰਿਸ਼ਤਾ ਆਪਣੀ ਭੈਣ ਜਾਂ ਬੇਟੀ ਤੋਂ ਪਤਾ ਚਲਦਾ ਹੈ।
ਸੁਖਵਿੰਦਰ ਜੀ ਨੇ ਆਪਣੀ ਕਾਵਿ- ਪੁਸਤਕ ਵਿਚ ਆਪਣੀ ਧੀ ਦੇ ਖ਼ੂਬਸੂਰਤ ਪਲਾਂ ਨੂੰ ਕਵਿਤਾ 'ਚ ਢਾਲਿਆ ਹੈ। ਕਵਿਤਾ ਧੀ ਦੇ ਜਨਮ ਤੋਂ ਉਸ ਦੀ ਡੋਲੀ ਵਾਲੀ ਕਾਰ ਤੱਕ ਦੀਆਂ ਰਸਮਾਂ ਤੱਕ ਜਾਂਦੀ ਹੈ। ਆਪਣੀ ਧੀ ਦੀਆਂ ਮਿੱਠਿਆਂ ਜਿੱਦਾਂ ਨੂੰ ਕਵਿਤਾ ਬਹਾਨੇ ਸਾਂਭਿਆ ਹੈ। ਇੱਕ ਪਾਸੇ ਧੀ ਦੇ ਵੱਡੇ ਹੋਣ ਦਾ ਫਿਕਰ, ਦੂਜੇ ਪਾਸੇ ਧੀ ਨੂੰ ਸਹੁਰੇ ਘਰ ਭੇਜਣ ਤੇ ਜੁਦਾਅ ਹੋਣ ਦਾ ਫਿਕਰ ਵੀ ਹੈ ।
ਧੀ
ਰਿਮੋਟ ਵਾਲੇ ਖਿਡਾਉਣਿਆਂ
ਗੁੱਡੇ- ਗੁੱਡੀਆਂ ਨਾਲ
ਖੇਡਦੀਆਂ - ਖੇਡਦੀਆਂ
ਸਾਇਕਲੀ ਚਲਾਉਣ ਲੱਗ ਪਈ.......
ਆਪੇ ਰੋਟੀ ਖਾ ਲੈਂਦੀ.....
ਆਪੇ ਪੌੜੀਆਂ ਉੱਤਰ ਜਾਂਦੀ
ਆਪੇ ਚੜ ਜਾਂਦੀ......
ਆਪੇ ਨਹਾ - ਧੋ ਲੈਂਦੀ
ਆਪੇ ਤਿਆਰ ਹੋ
ਸਕੂਲ ਚਲੀ ਜਾਂਦੀ......
ਹੁਣ ਸਾਰਾ ਕੁਝ
ਆਪਣੇ ਆਪ
ਕਰਨ ਲੱਗ ਪਈ ਐ
ਹੁਣ ਇਹ ਕਹਿੰਦੀ ਪਾਪਾ
ਆਹ ਕਰ ਦੋ
ਉਹ ਕਰ ਦੋ
ਮੰਮਾ ਓਹ ਦੇ ਦੋ
ਆਹ ਦੇ ਦੋ
ਦਾਦੀ ਦੀ ਆਖੀ ਗੱਲ
ਚੇਤੇ ਆਉਂਦੀ :
ਧੀਆਂ ਤਾਂ
ਕੋੜੀ ਵੇਲ ਵਾਂਗ ਵਧਦੀਆਂ ਨੇ ਤੇ
ਦਿਨਾਂ ' ਚ ਜਵਾਨ ਹੋ ਜਾਂਦੀਆਂ '
ਉਸਨੂੰ
ਉੰਗਲ ਫੜ ਚੱਲਣਾ ਸਿਖਾਉਣ ਵਾਲੀ
ਹਾਲੇ ਕਰ ਦੀ ਗੱਲ ਲੱਗ ਰਹੀ ਆ
ਅੱਜ ਅਚਾਨਕ
ਅੱਖਾਂ ਅੱਗੇ ਡੋਲੀ ਵਾਲੀ ਕਾਰ ਘੁੰਮਣ ਲੱਗ ਪਈ......
ਅਜਿਹੇ ਕਿੰਨੇ ਹੀ ਪਲਾਂ ਨੂੰ ਸੁਖਵਿੰਦਰ ਜੀ ਨੇ ਬੜੀ ਮਾਸੂਮੀਅਤ ਨਾਲ ਆਪਣੀ ਕਵਿਤਾਵਾਂ ਵਿੱਚ ਸਾਂਭ ਲਿਆ ਹੈ । ਜਿਨ੍ਹਾਂ ਦੀ ਬੱਚਿਆਂ ਪ੍ਰਤੀ ਮੁਹੱਬਤ ਹੁੰਦੀ। ਸੁਖਵਿੰਦਰ ਜੀ ਦੀ ਕਿਤਾਬ ” ਇਹ ਘਰ ਈਬੂ ਦਾ ਹੈ “…. ਰਾਹੀਂ ਮੈਂ ਵੀ ਆਪਣੇ ਬਚਪਨ ਨੂੰ ਫਿਰ ਤੋਂ ਵੇਖ਼ ਲਿਆ ਤੇ ਡੋਲੀ ਵਾਲੀ ਕਾਰ ਤੱਕ ਆਪਣੇ ਬਾਪੂ ਜੀ ਦੀ ਅੱਖਾਂ ਸਾਹਮਣੇਂ ਘੁੰਮਦੇ ਦ੍ਰਿਸ਼ ਨੂੰ ਵੇਖ ਲਿਆ । ਇੱਕ ਪਾਸੇ ਧੀ ਦੇ ਵੱਡੇ ਹੋਣ ਤੇ ਪਿਤਾ ਨੂੰ ਸਮਾਜਿਕ ਡਰ ਮਨ ਵਿੱਚ ਪੈਦਾ ਹੋ ਜਾਂਦਾ ਤੇ ਦੂਜੇ ਪਾਸੇ ਧੀ ਨੂੰ ਸਹੁਰੇ ਘਰ ਭੇਜਣ ਤੇ ਜੁਦਾਅ ਹੋਣ ਦਾ ਫਿਕਰ ਵੀ ਪੈ ਜਾਂਦਾ
