ਇਰਦ ਗਿਰਦ “ ਵਿੱਚੋਂ—

1 ਦੁੱਖ

ਜ਼ਿੰਦਗੀ ਦਾ ਅਣ-ਚਾਹਿਆ ਪੰਨਾ
ਪਲਟ ਦੇਣ ਨਾਲ
ਜ਼ਿੰਦਗੀ ‘ਚੋਂ ਦੁੱਖ ਮਨਫ਼ੀ ਨਹੀਂ ਹੁੰਦੇ

ਦੁੱਖ ਸਾਨੂੰ ਚੰਬੜਿਆ ਰਹਿੰਦੈ
ਪਰਛਾਵਿਆਂ ਵਾਂਗ

ਸਾਡੇ ਨਾਲ-ਨਾਲ ਚੱਲਦਾ ਹੈ
ਸ਼ਬਦ-ਸ਼ਬਦ
ਕਦਮ-ਕਦਮ
ਪਲ-ਪਲ
ਦਿਨ-ਰਾਤ
ਅੱਗੇ-ਪਿੱਛੇ
ਸੁੱਤੇ-ਜਾਗਦੇ
ਘੜੀ ਦੀਆਂ ਸੂਈਆਂ ਵਾਂਗ ।

2 ਕੋਈ ਕਵਿਤਾ ਲਿਖ

ਕੋਈ ਕਵਿਤਾ ਲਿਖ
ਜਿਸ ਵਿੱਚ ਨਦੀਆਂ ਦੇ ਸਿਰਨਾਵੇਂ ਹੋਣ

ਜਿਸ ਨੂੰ ਪੜ੍ਹ ਕੇ ਭਟਕੇ ਹੋਏ ਮੁਸਾਫ਼ਰ
ਮੰਜ਼ਲਾਂ ਦੇ ਰਾਹ ਪੈ ਜਾਣ
ਜਿਸ ਨੂੰ ਸੁਣ ਕੇ ਰੁੱਖਾਂ ਨੂੰ ਇਹ ਪਤਾ ਲੱਗੇ
ਕਿ ਜੰਗਲ ਵਿੱਚ ਸੁੱਖ-ਸਾਂਦ ਹੈ ।

ਕੋਈ ਕਵਿਤਾ ਲਿਖ
ਜਿਸ ਵਿੱਚ ਮਨੁੱਖ ਦਾ ਸੰਪੂਰਨ ਦੁੱਖ ਹੋਵੇ
ਉਸ ਤੋਂ ਬਾਅਦ ਕੋਈ ਕਵਿਤਾ ਨਾ ਲਿਖਣੀ ਪਵੇ ।

3- ਹੰਕਾਰ

ਤੇਰੀ ਧੰਨ-ਦੌਲਤ ਵੀ ਮਿੱਟੀ
ਜ਼ਮੀਨ-ਜਾਇਦਾਦ ਵੀ ਮਿੱਟੀ
ਆਖ਼ਰ ਤੂੰ ਵੀ ਹੋਣਾ ਮਿੱਟੀ ।

ਕੁੱਲ ਬ੍ਰਹਿਮੰਡ ਮਿੱਟੀ ਦਾ ਪਸਾਰ
ਤੇਰੀ ਆਕੜ, ਤੇਰੀ ਸ਼ੁਹਰਤ ਕੀ ,
ਕੀ ਹੈ ਤੇਰਾ ਹੰਕਾਰ ?

4 ਬਸ ਊਈਂ

ਸੌਣ ਲੱਗੇ ਗੁੱਡ ਨਾਈਟ
ਸੂਰਜ ਚੜ੍ਹਦੇ ਗੁੱਡ ਮੌਰਨਿੰਗ ਲਿਖਦੀ ।

ਜਿਵੇਂ ਬਹੁਤ ਫ਼ਿਕਰ ਹੋਵੇ ਮੇਰਾ
ਤੇ ਬਾਹਲ਼ਾ ਹੀ ਮੋਹ ਕਰਦੀ ਹੋਵੇ ।

ਇੱਕ ਦਿਨ ਪੁੱਛ ਹੀ ਬੈਠਾ
ਕਿੰਨਾ ਕੁ ਪਿਆਰ ਹੈ
ਤੈਨੂੰ ਮੇਰੇ ਨਾਲ ?

ਕਹਿੰਦੀ ਨਹੀਂ ਤਾਂ !

ਮੈਂ ਕਿਹਾ, ਫੇਰ ਆ ਕੀ ?

ਕਹਿੰਦੀ ਕੀ ?

ਆਹੀ ਗੁੱਡ ਮੌਰਨਿੰਗ , ਗੁੱਡ ਨਾਈਟ

ਆਖਣ ਲੱਗੀ,
ਬਸ ਊਈਂ !

5 ਮੌਤ

ਮੌਤ ਤੋਂ ਬਾਅਦ
ਸਿਰਫ਼ ਮੌਤ ਹੈ ।

ਨਰਕ , ਸਵਰਗ
ਧਰਮ- ਕਰਮ
ਦੇਵੀ , ਦੇਵਤੇ ਤੇ ਰੱਬ
ਸਭ ਜਿਉਂਦੇ ਜੀਅ ਹਨ ।

Share:

Leave a Reply

Your email address will not be published. Required fields are marked *