ਸਮਰਾਟ ਦੀਆਂ ਚਾਰ ਗ਼ਜ਼ਲਾਂ

1.

ਸੁਭਾਵਿਕ ਹੈ ਨਜ਼ਾਕਤ ਓਸਦੀ ਇਉ ਬਾਹਰ ਆਉਂਦੀ ਹੈ।
ਕਿਸੇ ਨੂੰ ਮੋਹਣ ਲਈ ਕੋਇਲ ਕਦੋਂ ਦੱਸ ਗੀਤ ਗਾਉਂਦੀ ਹੈ।

ਤੇਰੇ ਬਾਰੇ ਮੇਰਾ ਇਹ ਭਰਮ ਸੱਚ ਹੀ ਜਾਪਦੈ ਆਖ਼ਰ
ਜਦੋਂ ਵੀ ਲੋੜ ਪੈਂਦੀ ਹੈ ਤਾਂ ਤੈਨੂੰ ਯਾਦ ਆਉਂਦੀ ਹੈ।

ਮੈਂ ਜਿਸਦੇ ਵਾਸਤੇ ਹਰ ਚੀਜ਼ ਉੱਤੇ ਦਿਲ ਬਣਾਉਂਦਾ ਸਾਂ
ਮੇਰੇ ਵੱਲ ਦੇਖ ਕੇ ਆਪਣਾ ਉਹੀ ਅੱਜ ਮੂੰਹ ਬਣਾਉਂਦੀ ਹੈ।

ਨਾ ਕੋਈ ਲੋਭ ਮਹਿਲਾਂ ਦਾ ਨਾ ਕੋਈ ਕਦਰ ਹੁਸਨਾਂ ਦੀ
ਕਿਸੇ ਨਿਰਮੋਹੇ ਜੋਗੀ ਨੂੰ ਕਿਉੰ ਸੁੰਦਰਾਂ ਖ਼ੈਰ ਪਾਉਂਦੀ ਹੈ।

ਸਦੀਵੀਂ ਦੁੱਖ ਤੇ ਤੜਪਣ ਹੀ ਮੈਨੂੰ ਜਾਪਦੀ ਜ਼ਿੰਦਗੀ,
ਜਿਵੇਂ ਦੀ ਜੌਨ ਦੱਸਦਾ ਹੈ ,ਉਵੇਂ ਦੀ ਨਜ਼ਰ ਆਉਂਦੀ ਹੈ।

ਅਦਾਰਾ ਪਿਆਰ ਦਾ ਜਿੱਥੇ ,ਮੈਨੂੰ ਦਾਖਲ ਕਰਾ ਦੇਵੋ ,
ਕਿਸੇ ਪਿਆਰ ਕਰਨੇ ਦੀ ਵੇਖਾਂ ਕਿੰਝ ਜਾਂਚ ਆਉਂਦੀ ਹੈ।

2.

ਅਸੀਂ ਧੜਕਣ ਰੋਕ ਲਈ
ਉਹਨੇ ਜਦ ਵੀ ਬੁੱਲ੍ਹ ਫਰਕੇ

ਰੰਗਾਂ ਦੇ ਨਾਂ ਜਾਣੇ
ਉਹਦੇ ਸੂਟਾਂ ਦੇ ਕਰਕੇ

ਹੁਣ ਬਹਿ ਪਛਤਾਉਨੇ ਆਂ
ਫੁੱਲ ਬਦਲੇ ਦਿਲ ਧਰਕੇ

ਜ਼ਖਮੀ ਦਿਲ ਕਰਦੀ ਏ
ਉਹਦੀ ਜ਼ੁਲਫ਼ ਜਦੋਂ ਸਰਕੇ

ਅੱਖੀਆਂ ਨੂੰ ਤੁੰਨਿਆ ਏ
ਖਾਬਾਂ ਨਾਲ ਭਰ ਭਰਕੇ।

3.

ਹੈ ਫੈਲੀ ਗਰਦ ਸਾਰੇ ਸ਼ਹਿਰ ਅੰਦਰ
ਇਹ ਭੱਜੇ ਲੋਕ ਕਿੱਥੇ ਜਾ ਰਹੇ ਨੇ।

ਉਹ ਇਕ ਵਹਿਸ਼ੀ ਸਿਆਸੀ ਨਾਲ ਰਲ ਕੇ
ਲਤੜ ਫੁੱਲਾਂ ਨੂੰ ਖੌਰੂ ਪਾ ਰਹੇ ਨੇ।

ਸਿਕੰਦਰ ਜਿਹੇ ਅਸੀਂ ਬੇਰੰਗ ਮੋੜੇ
ਇਹ ਸਾਨੂੰ ਕਾਸਤੋਂ ਅਜ਼ਮਾ ਰਹੇ ਨੇ।

ਦਿਲੋਂ ਉੱਠ ਯਾਦ ਤੇਰੀ ਦੇ ਪਤੰਗੇ
ਠਰੇ ਸਾਹਾਂ ਨੂੰ ਕੁਝ ਗਰਮਾ ਰਹੇ ਨੇ।

ਨਾ ਹੋਈ ਓਟ ਨੌਂ ਜਿੰਨੀ ਜਿੰਨਾ ਤੋਂ
ਘਟਾ ਬਣ ਪਰਦਿਆ ਤੇ ਛਾ ਰਹੇ ਨੇ।

4.

ਇੱਕ ਕਿੱਸੇ ਵਿਚ ਤਿੰਨ ਚੀਜ਼ਾਂ ਨੇ
ਤੂੰ, ਮੈਂ ‘ ਤੇ ਮਜ਼ਬੂਰੀ ਏ

ਉਮਰੋਂ ਲੰਮੀ ਹੋ ਜਾਣੀ ਏ
ਦੋ ਕਦਮਾਂ ਦੀ ਦੂਰੀ ਏ

ਮੈਂ ‘ ਤੇ ਗੱਲ ਸਾਵੀਂ ਕੀਤੀ ਸੀ
ਉਸ ਨੇ ਵੱਟ ਲਈ ਘੂਰੀ ਏ

ਕਿਸ ਨੂੰ ਪਿੰਡ ਦਾ ਮੋਹ ਨਹੀਂ ਹੁੰਦਾ
ਪਰ ਰੁਜ਼ਗਾਰ ਜ਼ਰੂਰੀ ਏ

ਮਹਿਕੀ ਮਹਿਕੀ ਤਬੀਅਤ ਪਿੱਛੇ
ਯਾਦਾਂ ਦੀ ਕਸਤੂਰੀ ਏ

ਇੱਕ ਮਿਲਣਾ ਹੀ ਬਾਕੀ ਹੈ ਬਸ
ਤੜਪ ਦਿਲਾਂ ਵਿੱਚ ਪੂਰੀ ਏ।

ਸਮਰਾਟ

Share:

1 Comment

  • Gurinder Singh Kalsi, ਮਾਰਚ 5, 2026 @ 11:00 ਬਾਃ ਦੁਃ Reply

    ਬਹੁਤ ਵਧੀਆ.

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।