ਭਾਰਤ ਇਕ ਭਿੰਨਤਾਵਾਂ ਵਾਲਾ ਦੇਸ਼ ਹੈ। ਜਿੰਨੇ ਰੰਗ ਅਸੀਂ ਭਾਰਤ ਦੀ ਸੱਭਿਅਤਾ ਵਿਚ ਦੇਖਦੇ ਹਾਂ ਸ਼ਾਇਦ ਹੀ ਇੰਨੇ ਰੰਗ ਕਿਸੇ ਹੋਰ ਸੱਭਿਅਤਾ ਵਿਚ ਮੌਜੂਦ ਹੋਣ। ਮਿਸਾਲ ਲਈ ਮੌਜੂਦਾ ਚਲ ਰਿਹਾ ਪ੍ਰਯਾਗਰਾਜ ਦਾ ਮਾਘ ਮੇਲਾ ,ਜਿਸਦਾ ਜ਼ਿਕਰ ਕਰਨ ਅਹਿਮ ਹੋ ਜਾਂਦਾ ਹੈ ਕਿਉੰਕਿ ਇਸ ਵਿਚੋਂ ਆਸਥਾ ਦੇ ਰੰਗ ਵਿਚ ਰੰਗੀ ਹੋਈ ਸੱਭਿਅਤਾ ਦੀ ਜੋ ਝਲਕਾਰ ਦੇਖਣ ਨੂੰ ਮਿਲਦੀ ਹੈ ਸ਼ਾਇਦ ਹੀ ਉਹ ਕਿਤੇ ਦੇਖਣ ਨੂੰ ਮਿਲੇ । ਪ੍ਰਯਾਗਰਾਜ ਭਾਰਤ ਦੇ ਉੱਤਰ ਪ੍ਰਦੇਸ਼ ਦਾ ਇਕ ਪ੍ਰਾਚੀਨ ਅਤੇ ਪਵਿੱਤਰ ਸ਼ਹਿਰ ਮੰਨਿਆ ਜਾਂਦਾ ਹੈ। ਪੁਰਾਤਨ ਸਮੇਂ ਵਿੱਚ ਇਸਨੂੰ ਪ੍ਰਯਾਗ ਕਿਹਾ ਜਾਂਦਾ ਸੀ। ਸੰਸਕ੍ਰਿਤ ਵਿਚ ਪ੍ਰਯਾਗ ਦਾ ਅਰਥ ਯੱਗ ਜਾਂ ਪੁੰਨ ਕਰਮ ਕਰਨ ਦੀ ਥਾਂ ਦੱਸਿਆ ਗਿਆ ਹੈ। ਇਹ ਸ਼ਹਿਰ ਗੰਗਾ , ਯਮੁਨਾ , ਸਰਸਵਤੀ ਦਰਿਆਵਾਂ ਦੇ ਸੰਗਮ ਤੇ ਸਥਿਤ ਹੈ, ਜਿਸ ਨੂੰ ਤ੍ਰਿਵੇਣੀ ਸੰਗਮ ਕਿਹਾ ਜਾਂਦਾ ਹੈ।

ਸੰਗਮ ਝੂੰਸੀ ਤੋਂ ਥੋੜੀ ਹੀ ਦੂਰੀ ਤੇ ਸਥਿਤ ਹੈ । ਝੂੰਸੀ ਤੇ ਉੱਚੇ ਟਿੱਲੇ ਤੋਂ ਸੰਗਮ ਵੱਲ ਵੱਧਦੇ ਹੋਏ ਜੋ ਦ੍ਰਿਸ਼ ਦੇਖਣ ਨੂੰ ਮਿਲਦਾ ਹੈ ,ਸ਼ਾਇਦ ਹੀ ਉਸਨੂੰ ਸ਼ਬਦਾਂ ਵਿਚ ਬਿਆਨ ਕੀਤਾ ਜਾ ਸਕੇ ।ਅਸੀਂ ਸਾਡੇ ਸਾਹਮਣੇ ਇਕ ਵਿਸ਼ਾਲ ਤੱਟ ਉੱਤੇ ਲੱਗੇ ਹੋਏ ਅਨੇਕਾਂ ਹੀ ਸ਼ਿਵਰ ਦੇਖਦੇ ਹਾਂ । ਜੋ ਇਕ ਵਾਰ ਤਾਂ ਕਿਸੇ ਵਿਸ਼ਰਾਮ ਕਰ ਰਹੀ ਸੈਨਾ ਵਾਂਗ ਲਗਦੇ ਹਨ। ਇਹਨਾਂ ਵਿੱਚ ਸਾਧੂ ਅਤੇ ਸ਼ਰਧਾਲੂਆਂ ਨੇ ਡੇਰੇ ਲਾਏ ਹੁੰਦੇ ਹਨ । ਲੋਕਾਂ ਦੀ ਭੀੜ ਹੁੰਦੀ ਹੈ, ਕਿਤੇ ਕੋਈ ਜਾ ਰਿਹਾ ਹੁੰਦਾ ਹੈ ਕੋਈ ਆ ਰਿਹਾ ਹੁੰਦਾ ਹੈ। ਇਹ ਲੋਕਾਂ ਦੇ ਆਉਣ ਜਾਣ ਦਾ ਸਿਲਸਲਾ ਵੀ ਇਕ ਖਾਸ ਅਹਿਸਾਸ ਦਿੰਦਾ ਹੈ। ਅਨੇਕਾਂ ਪ੍ਰਕਾਰ ਦੀਆਂ ਦੁਕਾਨਾਂ ਦਾ ਬਾਜ਼ਾਰ ਵੀ ਸਾਨੂੰ ਏਥੇ ਦੇਖਣ ਨੂੰ ਮਿਲਦਾ ਹੈ। ਵੱਖ – ਵੱਖ ਘਾਟਾਂ ਨੂੰ ਆਪਸ ਵਿਚ ਜੋੜਨ ਲਈ ਕੁਝ ਆਰਜ਼ੀ ਪੁਲ ਵੀ ਬਣਾਏ ਹੋਏ ਦਿਸਦੇ ਹਨ।

ਕੁੰਭ ਦਾ ਮੇਲਾ ਵੀ ਇਸੇ ਥਾਂ ਉੱਤੇ ਲਗਦਾ ਹੈ ਜੋ ਕਿ ਬਾਰਾਂ ਸਾਲ ਬਾਦ ਲਗਦਾ ਹੈ। ਮੰਨਿਆ ਜਾਂਦਾ ਹੈ ਕਿ ਸਮੁੰਦਰ ਮੰਥਨ ਵੇਲੇ ਅੰਮ੍ਰਿਤ ਦੀਆਂ ਚਾਰ ਬੂੰਦਾਂ ਚੋਂ ਪਹਿਲੀ ਬੂੰਦ ਇਸੇ ਥਾਂ ਉੱਤੇ ਡਿੱਗੀ ਸੀ। ਇਸ ਲਈ ਕਰੋੜਾਂ ਸ਼ਰਧਾਲੂ ਇਥੇ ਇਸ਼ਨਾਨ ਲਈ ਆਉਂਦੇ ਹਨ । ਨਾਗਾ ਸਾਧੂਆਂ ਦਾ ਸ਼ਾਹੀ ਇਸ਼ਨਾਨ ਵੀ ਇਥੇ ਹੀ ਹੁੰਦਾ ਹੈ। ਭਾਰਤ ਦੀ ਆਤਮਿਕ ਅਤੇ ਸਭਿਆਚਾਰਕ ਵਿਰਾਸਤ ਦਾ ਅਸਲ ਪ੍ਰਦਰਸ਼ਨ ਇਸ ਮੇਲੇ ਵਿੱਚ ਦੇਖਿਆ ਜਾ ਸਕਦਾ ਹੈ । ਇਸੇ ਕੜੀ ਅਧੀਨ 6 ਵਰ੍ਹੇ ਬਾਅਦ ਇਸੇ ਸਥਾਨ ਦੇ ਅਰਧ ਕੁੰਭ ਵੀ ਮਨਾਇਆ ਜਾਂਦਾ ਹੈ।
ਇਸ ਮੇਲੇ ਨੂੰ ਸਫ਼ਲ ਬਣਾਉਣ ਲਈ ਰਾਜ ਦਾ ਪ੍ਰਸ਼ਾਸਨ ਆਪਣੀ ਅਹਿਮ ਭੂਮਿਕਾ ਅਦਾ ਕਰਦਾ ਹੈ। ਸੁਰੱਖਿਆ ਦੇ ਇਥੇ ਖਾਸ ਪ੍ਰਬੰਧ ਕੀਤੇ ਜਾਂਦੇ ਹਨ। ਡੂੰਘੇ ਪਾਣੀਆਂ ਵਿਚ ਜਾਣ ਤੋਂ ਰੋਕਣ ਲਈ ਵੀ ਪ੍ਰਬੰਧ ਕੀਤੇ ਹੁੰਦੇ ਹਨ ਤਾਂ ਕਿ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ। ਪ੍ਰਬੰਧਾਂ ਦਾ ਸਮੇਂ ਸਮੇਂ ਤੇ ਜ਼ਾਇਜਾ ਲੈਣ ਲਈ ਅਧਿਕਾਰੀ ਗਸ਼ਤ ਕਰਦੇ ਰਹਿੰਦੇ ਹਨ। ਇਥੇ ਹੀ ਗੋਤਾਖੋਰਾਂ ਦੀਆਂ ਟੀਮਾਂ ਵੀ ਦਿਖਾਈ ਦਿੰਦੀਆਂ ਹਨ। ਲਾਈਟ ਦਾ ਵੀ ਖਾਸ ਪ੍ਰਬੰਧ ਕੀਤਾ ਹੁੰਦਾ ਹੈ। ਇਸ ਮੇਲੇ ਵਿਚ ਰਾਤ ਨੂੰ ਜਗਦੀਆਂ ਲਾਈਟਾਂ ਦਾ ਨਜ਼ਾਰਾ ਦੇਖਣ ਲਾਇਕ ਹੁੰਦਾ ਹੈ ਜੋ ਕਿ ਆਪਣੇ ਆਪ ਵਿੱਚ ਹੀ ਇਕ ਕਮਾਲ ਹੈ। ਰਾਤ ਨੂੰ ਦੇਖਣ ਉੱਤੇ ਐਵੇਂ ਜਾਪਦਾ ਹੈ ਜਿਵੇਂ ਅੰਬਰ ਨੂੰ ਕਿਸੇ ਨੇ ਪੁੱਠਾ ਕਰ ਦਿੱਤਾ ਹੋਵੇ ਅਤੇ ਤਾਰੇ ਜ਼ਮੀਨ ਉੱਤੇ ਜਗਮਗਾ ਰਹੇ ਹੋਣ। ਇਹ ਅਲੌਕਿਕ ਦ੍ਰਿਸ਼ ਹਰ ਬੰਦੇ ਨੂੰ ਮੋਹ ਲੈਂਦਾ ਹੈ।

ਧਰਮ ਸਮਾਜ ਨੂੰ ਮਾਨਵਤਾ ਸਿਖਾਉਂਦਾ ਹੈ। ਪਰ ਸੰਗਮ ਤੇ ਬਣੇ VIP ਘਾਟ ਤੇ ਆਮ ਲੋਕਾਂ ਲਈ ਘਾਟ ਮਾਨਵਤਾ ਦੇ ਸੰਕਲਪ ਦੇ ਉਲਟ ਜਾਪਦੇ ਹਨ। ਜਿੱਥੇ ਨਦੀਆਂ ਦਾ ਸੰਗਮ ਹੁੰਦਾ ਹੈ ਉੱਥੇ ਹੀ ਮਨੁੱਖਤਾ ਦਾ ਸੰਗਮ ਵੀ ਹੋਣਾ ਚਾਹੀਦਾ ਹੈ। ਬਰਾਬਰਤਾ ਦਾ ਸਮਾਜ ਹੀ ਆਦਰਸ਼ ਸਮਾਜ ਹੋ ਸਕਦਾ ਹੈ।

Share:

Leave a Reply

Your email address will not be published. Required fields are marked *